PPE ਕਿੱਟ ਪਹਿਨ ਕੇ ਸੁਨਿਆਰੇ ਦੀ ਦੁਕਾਨ 'ਚ ਦਾਖ਼ਲ ਹੋਏ ਚੋਰ, 78 ਤੋਲੇ ਸੋਨੇ 'ਤੇ ਹੱਥ ਕੀਤਾ ਸਾਫ਼!

ਏਜੰਸੀ

ਖ਼ਬਰਾਂ, ਰਾਸ਼ਟਰੀ

ਚੋਰੀ ਦੀ ਘਟਨਾ ਸੀਸੀਟੀਵੀ ਕੈਮਰਿਆਂ 'ਚ ਹੋਈ ਕੈਦ, ਪੁਲਿਸ ਵਲੋਂ ਜਾਂਚ ਜਾਰੀ

Gold Shop

ਮਹਾਂਰਾਸ਼ਟਰ : ਕਰੋਨਾ ਕਾਲ ਦੌਰਾਨ ਪੀਪੀਈ ਕਿੱਟ ਦੀ ਖ਼ਾਸ ਮਹੱਤਤਾ ਹੈ। ਡਾਕਟਰਾਂ ਦੇ ਪਹਿਨਣ ਲਈ ਖਾਸ ਤੌਰ 'ਤੇ ਡਿਜ਼ਾਇਨ ਕੀਤੀ ਗਈ ਇਹ ਕਿੱਟ ਡਾਕਟਰਾਂ ਨੂੰ ਸੁਰੱਖਿਆ ਦੇਣ ਦੇ ਨਾਲ-ਨਾਲ ਵੱਡੀ ਗਿਣਤੀ ਕਰੋਨਾ ਪੀੜਤਾਂ ਦੀ ਜਾਨ ਬਚਾਉਣ 'ਚ ਸਹਾਈ ਹੋ ਰਹੀ ਹੈ। ਇਸੇ ਦੌਰਾਨ ਕੁੱਝ ਚਲਾਕ ਕਿਸਮ ਦੇ ਲੋਕ ਇਸ ਨੂੰ ਸਮਾਜ ਵਿਰੋਧੀ ਕੰਮਾਂ ਨੂੰ ਅੰਜ਼ਾਮ ਦੇਣ ਸਮੇਂ ਅਪਣੀ ਪਛਾਣ ਛੁਪਾਉਣ ਲਈ ਵਰਤਣ ਲੱਗ ਪਏ ਹਨ।

ਅਜਿਹਾ ਹੀ ਇਕ ਮਾਮਲਾ ਮਹਾਰਾਸ਼ਟਰ 'ਚ ਸਾਹਮਣੇ ਆਇਆ ਹੈ, ਜਿੱਥੇ ਚੋਰ ਪੀਪੀਈ ਕਿੱਟ ਪਹਿਨ ਕੇ ਇਕ ਸੁਨਿਆਰੇ ਦੀ ਦੁਕਾਨ ਅੰਦਰ ਦਾਖ਼ਲ ਹੋ ਗਏ।  ਪੁਲਿਸ ਸੂਤਰਾਂ ਮੁਤਾਬਕ ਇਹ ਚੋਰ ਦੁਕਾਨ ਵਿਚੋਂ 78 ਤੋਲੇ ਸੋਨਾ ਚੋਰੀ ਕਰ ਕੇ ਫ਼ਰਾਰ ਹੋ ਗਏ ਹਨ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਚੋਰਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।

ਪੁਲਿਸ ਸੂਤਰਾਂ ਮੁਤਾਬਕ ਸੀਸੀਟੀਵੀ ਫੁਟੇਜ਼ 'ਚ ਚੋਰ ਨਜ਼ਰ ਆ ਰਹੇ ਹਨ ਜਿਨ੍ਹਾਂ ਨੇ ਬਕਾਇਦਾ ਤੌਰ 'ਤੇ ਟੋਪੀ, ਪਲਾਸਟਿਕ ਦੀ ਜੈਕਟ ਅਤੇ ਹੱਥਾਂ 'ਤੇ ਦਸਤਾਨੇ ਪਹਿਨੇ ਹੋਏ ਹਨ। ਚੋਰਾਂ ਨੇ ਪਹਿਲਾਂ ਸ਼ੋਅਕੇਸ 'ਚ ਲੱਗੇ ਸੋਨੇ ਦੇ ਗਹਿਣਿਆਂ 'ਤੇ ਹੱਥ ਸਾਫ਼ ਕੀਤਾ। ਇਸ ਤੋਂ ਬਾਅਦ ਦੁਕਾਨ ਅੰਦਰ ਅਲੱਗ ਅਲੱਗ ਥਾਵਾਂ 'ਤੇ ਪਏ ਸੋਨੇ ਦੇ ਗਹਿਣਿਆਂ ਨੂੰ ਇਕੱਠਾ ਕੀਤਾ।

ਪੁਲਿਸ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਚੋਰਾਂ ਨੇ ਪੀਪੀਈ ਕਿੱਟ ਪਹਿਨ ਨੇ ਘਟਨਾ ਨੂੰ ਅੰਜ਼ਾਮ ਦਿਤਾ ਹੈ, ਉਸ ਤੋਂ ਸਾਫ਼ ਹੈ ਕਿ ਉਨ੍ਹਾਂ ਦਾ ਮਕਸਦ ਕਰੋਨਾ ਤੋਂ ਬਚਣ ਦੇ ਨਾਲ-ਨਾਲ ਅਪਣੀ ਪਛਾਣ ਨੂੰ ਵੀ ਛੁਪਾਉਣਾ ਸੀ, ਤਾਂ ਜੋ  ਸੀਸੀਟੀਵੀ ਫੁਟੇਜ਼ 'ਚ ਉਨ੍ਹਾਂ ਦੀ ਪਛਾਣ ਨਾ ਹੋ ਸਕੇ।

ਚੋਰਾਂ ਨੇ ਦੁਕਾਨ 'ਚੋਂ ਲਗਭਗ 78 ਤੋਲੇ ਸੋਨਾ ਚੋਰੀ ਕੀਤਾ ਹੈ, ਜਿਸ ਦੀ ਕੀਮਤ 35 ਲੱਖ ਦੇ ਕਰੀਬ ਬਣਦੀ ਹੈ।  ਚੋਰਾਂ ਦੀਆਂ ਸਾਰੀਆਂ ਹਰਕਤਾਂ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈਆਂ ਹਨ। ਪੁਲਿਸ ਮੁਤਾਬਕ ਇਹ ਘਟਨਾ ਦੋ ਦਿਨ ਪਹਿਲਾਂ ਲੱਗੇ ਲੌਕਡਾਊਨ ਸਮੇਂ ਵਾਪਰੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।