ਹਸਪਤਾਲ ਵਿਚ ਪੋਚਾ ਲਗਾਉਂਦੀ ਬੱਚੀ ਦੀ ਵੀਡੀਓ ਕੀਤੀ ਸੀ ਵਾਇਰਲ, ਪੱਤਰਕਾਰ ਖ਼ਿਲਾਫ਼ FIR ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਦੇਵਰੀਆ ਵਿਚ ਕੁਝ ਦਿਨ ਪਹਿਲਾਂ ਜ਼ਿਲ੍ਹਾ ਹਸਪਤਾਲ ਵਿਚ ਬੱਚੀ ਕੋਲੋਂ ਪੋਚਾ ਲਗਵਾਉਣ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ।

Girl sweeping floor of hospital

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਦੇਵਰੀਆ ਵਿਚ ਕੁਝ ਦਿਨ ਪਹਿਲਾਂ ਜ਼ਿਲ੍ਹਾ ਹਸਪਤਾਲ ਵਿਚ ਬੱਚੀ ਕੋਲੋਂ ਪੋਚਾ ਲਗਵਾਉਣ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ। ਹਸਪਤਾਲ ਪ੍ਰਸ਼ਾਸਨ ‘ਤੇ ਕਾਰਵਾਈ ਕਰਨ ਦੀ ਬਜਾਏ, ਇਸ ਵੀਡੀਓ ਨੂੰ ਬਣਾਉਣ ਵਾਲੇ ਸਥਾਨਕ ਪੱਤਰਕਾਰ ਅਮਿਤਾਭ ਰਾਵਤ ਖਿਲਾਫ਼ ਐਫਆਈਆਰ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪੱਤਰਕਾਰ ਖਿਲਾਫ਼ ਐਫਆਈਆਰ 27 ਜੁਲਾਈ ਨੂੰ ਹੀ ਦਰਜ ਹੋ ਗਈ ਸੀ ਹਾਲਾਂਕਿ ਇਹ ਖ਼ਬਰ ਸੋਸ਼ਲ  ਮੀਡੀਆ ‘ਤੇ ਹੁਣ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ ਦੇਵਰੀਆ ਵਿਚ ਸਥਾਨਕ ਪੱਤਰਕਾਰਾਂ ਨੇ ਪ੍ਰਦਰਸ਼ਨ ਕੀਤਾ। ਪੱਤਰਕਾਰ ਅਮਿਤਾਭ ਰਾਵਤ ਖਿਲਾਫ ਆਈਪੀਸੀ ਦੀ ਧਾਰਾ 67, 506, 504, 389 ਅਤੇ 385 ਦੇ ਤਹਿਤ ਮਾਮਲਾ ਦਰਜ ਹੋਇਆ ਹੈ।

ਸਫਾਈ ਸੇਵਾਵਾਂ ਦੇ ਸੁਪਰਵਾਈਜ਼ਰ ਸ਼ਤਰੂਘਨ ਯਾਦਵ ਨੇ ਪੱਤਰਕਾਰ ਖਿਲਾਫ ਐਫਆਈਆਰ ਦਰਜ ਕਰਵਾਈ ਹੈ। ਐਫਆਈਆਰ ਵਿਚ ਲਿਖਿਆ ਗਿਆ ਹੈ ਕਿ ਪੱਤਰਕਾਰ ਨੇ ਬੱਚੀ ਨੂੰ ਉਕਸਾਇਆ ਹੈ ਤੇ ਪੋਚਾ ਲਗਾਉਂਦੇ ਹੋਏ ਦਾ ਵੀਡੀਓ ਬਣਾਇਆ ਹੈ। ਸ਼ਿਕਾਇਤ ਕਰਤਾ ਦਾ ਅਰੋਪ ਹੈ ਕਿ ਪੱਤਰਕਾਰ ਨੇ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੰਦੇ ਹੋਏ 5 ਹਜ਼ਾਰ ਰੁਪਏ ਮੰਗੇ ਸੀ। ਸ਼ਿਕਾਇਤਕਰਤਾ ਨੇ ਪੱਤਰਕਾਰ ‘ਤੇ ਗਾਲਾਂ ਕੱਢਣ ਦਾ ਅਰੋਪ ਵੀ ਲਗਾਇਆ ਹੈ।

ਜ਼ਿਕਰਯੋਗ ਹੈ ਕਿ ਦੇਵਰੀਆ ਦੇ ਜ਼ਿਲ੍ਹਾ ਹਸਪਤਾਲ ਦੇ ਮਹਿਲਾ ਵਾਰਡ ਵਿਚ ਇਕ ਬੱਚੀ ਦਾ ਵਾਈਪਰ ਨਾਲ ਗੈਲਰੀ ਸਾਫ ਕਰਦੇ ਹੋਏ ਵੀਡੀਓ ਵਾਇਰਲ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚੀ ਦੀ ਮਾਂ ਦੀ ਹਾਲਤ ਇੰਨੀ ਗੰਭੀਰ ਸੀ ਕਿ ਉਸ ਨੇ ਵਾਰਡ ਦੀ ਗੈਲਰੀ ਵਿਚ ਹੀ ਪੇਸ਼ਾਬ ਕਰ ਦਿੱਤਾ, ਇਸ ‘ਤੇ ਨਰਾਜ਼ ਕਰਮਚਾਰੀਆਂ ਨੇ ਨਾਲ ਆਈ ਬੱਚੀ ਕੋਲੋਂ ਹੀ ਪੋਚਾ ਲਗਵਾਇਆ। ਇਸ ਦੌਰਾਨ ਪੱਤਰਕਾਰ ਨੇ ਬੱਚੀ ਦਾ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ ਸੀ।