ਭਾਰਤ-ਅਮਰੀਕਾ ਰਿਸ਼ਤੇ ਮਜ਼ਬੂਤ ਕਰਨ ਲਈ ਮੋਦੀ ਅਤੇ ਬਾਈਡਨ ਨੇ ਕੀਤੀ ਦੁਵੱਲੀ ਗੱਲਬਾਤ
ਅਮਰੀਕਾ ਵਲੋਂ ਬਾਈਡਨ ਤੋਂ ਇਲਾਵਾ ਅਮਰੀਕੀ ਵਿੱਤ ਮੰਤਰੀ, ਵਿਦੇਸ਼ ਮੰਤਰੀ ਅਤੇ ਕੌਮੀ ਸੁਰਖਿਆ ਸਲਾਹਕਾਰ ਨੇ ਸ਼ਿਰਕਤ ਕੀਤੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨਾਲ ਦੁਵੱਲੀ ਗੱਲਬਾਤ ਕੀਤੀ। ਇਸ ’ਚ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ’ਤੇ ਕੇਂਦਰਤ ਵੱਖੋ-ਵੱਖ ਮੁੱਦਿਆਂ ’ਤੇ ਚਰਚਾ ਹੋਈ। ਇਹ ਮੁਲਾਕਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਹੋਣ ਵਾਲੇ ਜੀ-20 ਸ਼ਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਬਾਈਡਨ ਦੇ ਨਵੀਂ ਦਿੱਲੀ ਪੁੱਜਣ ਤੋਂ ਤੁਰਤ ਬਾਅਦ ਹੋਈ।
ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ, ‘‘ਦੋਹਾਂ ਆਗੂਆਂ ਦੀ ਗੱਲਬਾਤ ’ਚ ਵਿਆਪਕ ਮੁੱਦੇ ਸ਼ਾਮਲ ਰਹੇ ਅਤੇ ਇਸ ਨਾਲ ਭਾਰਤ ਅਤੇ ਅਮਰੀਕਾ ਵਿਚਕਾਰ ਰਿਸ਼ਤੇ ਹੋਰ ਗੂੜ੍ਹੇ ਹੋਣਗੇ।’’ ਬੈਠਕ ’ਚ ਅਮਰੀਕਾ ਵਲੋਂ ਅਮਰੀਕੀ ਵਿੱਤੀ ਮੰਤਰੀ ਜੈਨੇਟ ਯੇਲੇਨ, ਵਿਦੇਸ਼ ਮੰਤਰੀ ਐਂਥਨੀ ਬਲਿੰਕਨ ਅਤੇ ਕੌਮੀ ਸੁਰਖਿਆ ਸਲਾਹਕਾਰ ਜੇਕ ਸੁਲਿਵਨ ਵੀ ਮੌਜੂਦ ਸਨ, ਜਦਕਿ ਭਾਰਤੀ ਵਫ਼ਦ ’ਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਕੌਮੀ ਸੁਰਖਿਆ ਸਲਾਹਕਾਰ ਅਜੀਤ ਡੋਭਾਲ ਸ਼ਾਮਲ ਸਨ।
ਮੋਦੀ ਅਗਲੇ ਦੋ ਦਿਨਾਂ ’ਚ 15 ਦੁਵੱਲੀਆਂ ਬੈਠਕਾਂ ਕਰਨ ਵਾਲੇ ਹਨ। ਮੋਦੀ ਨੇ ਅੱਜ ਤਿੰਨ ਦੇਸ਼ਾਂ ਦੇ ਆਗੂਆਂ ਨਾਲ ਦੁਵੱਲੀ ਗੱਲਬਾਤ ਕੀਤੀ। ਬਾਈਡਨ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਅਪਣੇ ਮੌਰੀਸ਼ੀਅਨ ਹਮਰੁਤਬਾ ਪ੍ਰਵਿੰਦ ਜਗਨਨਾਥ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਵੀ ਦੁਵੱਲੀ ਗੱਲਬਾਤ ਕੀਤੀ।
ਜਗਨਨਾਥ ਅਤੇ ਹਸੀਨਾ ਜੀ-20 ਸੰਮੇਲਨ ’ਚ ਹਿੱਸਾ ਲੈਣ ਲਈ ਵੀਰਵਾਰ ਨੂੰ ਇੱਥੇ ਪਹੁੰਚੇ ਅਤੇ ਨਵੀਂ ਦਿੱਲੀ ਹਵਾਈ ਅੱਡੇ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਮੋਦੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਅਤੇ ਮੇਰੀ ਬਹੁਤ ਚੰਗੀ ਮੁਲਾਕਾਤ ਹੋਈ। ਇਹ ਭਾਰਤ-ਮੌਰੀਸ਼ਸ ਦੇ ਸੰਬੰਧਾਂ ਲਈ ਵਿਸ਼ੇਸ਼ ਸਾਲ ਹੈ, ਕਿਉਂਕਿ ਸਾਡੇ ਕੂਟਨੀਤਕ ਸਬੰਧਾਂ ਦੇ 75 ਸਾਲ ਪੂਰੇ ਹੋਏ ਹਨ। ਅਸੀਂ ਮੁਢਲਾ ਢਾਂਚਾ, ਫ਼ਿਨਟੇਕ, ਸਭਿਆਚਾਰ ਅਤੇ ਹੋਰ ਖੇਤਰਾਂ ’ਚ ਸਹਿਯੋਗ ’ਤੇ ਵਿਚਾਰ-ਵਟਾਂਦਰਾ ਕੀਤਾ। ਗਲੋਬਲ ਸਾਊਥ ਦੀ ਆਵਾਜ਼ ਅੱਗੇ ਵਧਾਉਣ ਦੀ ਭਾਰਤ ਦਾ ਅਹਿਦ ਵੀ ਦੁਹਰਾਇਆ।’’ ਜਗਨਨਾਥ ਜੀ20 ਸੰਮੇਲਨ ’ਚ ਸ਼ਾਮਲ ਹੋਣ ਲਈ ਵੀਰਵਾਰ ਨੂੰ ਦਿੱਲੀ ਪੁੱਜੇ ਅਤੇ ਨਵੀਂ ਦਿੱਲੀ ਹਵਾਈ ਅੱਡੇ ’ਤੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।