ਭਾਰਤ ਨੂੰ ਮਿਲਿਆ ਪਹਿਲਾ ਰਾਫ਼ੇਲ ਜਹਾਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ 'ਇਤਿਹਾਸਕ ਦਿਨ'

India gets first Rafale fighter jets from France

ਪੈਰਿਸ : ਫ਼ਰਾਂਸ ਨੇ ਮੰਗਲਵਾਰ ਨੂੰ ਮੈਰੀਨੇਕ ਏਅਰਬੇਸ 'ਤੇ ਭਾਰਤ ਨੂੰ ਪਹਿਲਾ ਰਾਫ਼ੇਲ ਲੜਾਕੂ ਜਹਾਜ਼ ਸੌਂਪ ਦਿੱਤਾ। ਹੈਂਡਿੰਗ ਓਵਰ ਸੈਰੇਮਨੀ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਫ਼ਰਾਂਸ ਦੀ ਰੱਖਿਆ ਮੰਤਰੀ ਫ਼ਲੋਰੈਂਸ ਪਾਰਲੇ ਅਤੇ ਦੈਸੋ ਐਵੀਏਸ਼ਨ ਦੇ ਸੀ.ਈ.ਓ. ਏਰਿਕ ਟ੍ਰੈਪਿਏ ਮੌਜੂਦ ਸਨ।

ਸਮਾਗਮ 'ਚ ਰਾਜਨਾਥ ਸਿੰਘ ਨੇ ਕਿਹਾ, "ਇਹ ਇਕ ਇਤਿਹਾਸਕ ਦਿਨ ਹੈ। ਇਹ ਭਾਰਤ ਅਤੇ ਫ਼ਰਾਂਸ ਵਿਚਕਾਰ ਡੂੰਘੇ ਸਬੰਧਾਂ ਨੂੰ ਦਰਸਾਉਂਦਾ ਹੈ। ਫੇਲ ਦਾ ਮਤਲਬ ਹਨੇਰੀ ਹੁੰਦਾ ਹੈ। ਮੈਨੂੰ ਉਮੀਦ ਹੈ ਕੇ ਇਹ ਆਪਣੇ ਨਾਂ ਨੂੰ ਸਾਬਤ ਕਰੇਗਾ।" ਭਾਰਤ-ਫ਼ਰਾਂਸ ਵਿਚਕਾਰ ਹੋਏ 59 ਹਜ਼ਾਰ ਕਰੋੜ ਰੁਪਏ ਦੇ ਰਾਫ਼ੇਲ ਸੌਦੇ ਅਤੇ ਏਅਰਕਰਾਫ਼ਟ ਦੀਆਂ ਖੂਬੀਆਂ ਬਾਰੇ ਇਕ ਵੀਡੀਓ ਪ੍ਰੈਜੇਂਟੇਸ਼ਨ ਵੀ ਦਿੱਤੀ ਗਈ। ਰਾਜਨਾਥ ਨੇ ਏਅਰਬੇਸ 'ਤੇ ਹੀ ਰਾਫ਼ੇਲ 'ਚ ਲੱਗੇ ਹਥਿਆਰਾਂ ਦੀ ਪੂਜਾ ਵੀ ਕੀਤੀ। ਇਸ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਵੀ ਮੁਲਾਕਾਤ ਕੀਤੀ।

ਭਾਰਤ ਨੂੰ ਮਿਲਣ ਵਾਲੇ ਪਹਿਲੇ ਰਾਫ਼ੇਲ ਦਾ ਨਾਂ ਹਵਾਈ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਆਰ.ਕੇ.ਐਸ. ਭਦੌਰੀਆ ਦੇ ਨਾਂ 'ਤੇ 'ਆਰ.ਬੀ. 001' ਰੱਖਿਆ ਜਾਵੇਗਾ। ਭਦੌਰੀਆ ਨੇ ਹੀ ਰਾਫ਼ੇਲ ਸਮਝੌਤੇ 'ਚ ਅਹਿਮ ਭੂਮਿਕਾ ਨਿਭਾਈ ਹੈ। ਰਾਫ਼ੇਲ 'ਚ ਮੀਟਿਅਰ ਅਤੇ ਸਕਾਲਪ ਮਿਜ਼ਾਈਲਾਂ ਲੱਗੀਆਂ ਹਨ। ਇਸ ਨਾਲ ਭਾਰਤੀ ਹਵਾਈ ਫ਼ੌਜ ਦੀ ਤਾਕਤ 'ਚ ਹੋਰ ਵਾਧਾ ਹੋਵੇਗਾ।

ਰਾਫ਼ੇਲ ਦੀ ਖ਼ਾਸੀਅਤ :
ਰਾਫ਼ੇਲ ਇਕ ਬਹੁਤ ਹੀ ਉਪਯੋਗੀ ਜਹਾਜ਼ ਹੈ। ਇਸ ਦੇ ਇਕ ਜਹਾਜ਼ ਨੂੰ ਬਣਾਉਣ ਵਿਚ 70 ਮਿਲੀਅਨ ਦਾ ਖ਼ਰਚਾ ਆਉਂਦਾ ਹੈ। ਇਸ ਜਹਾਜ਼ ਦੀ ਲੰਬਾਈ 15.27 ਮੀਟਰ ਹੁੰਦੀ ਹੈ ਅਤੇ ਇਸ ਵਿਚ 1 ਜਾਂ 2 ਪਾਇਲਟ ਹੀ ਬੈਠ ਸਕਦੇ ਹਨ।ਇਸ ਜਹਾਜ਼ ਦੀ ਖ਼ਾਸੀਅਤ ਇਹ ਹੈ ਕਿ ਇਹ ਉੱਚੇ ਇਲਾਕਿਆਂ ਵਿਚ ਵੀ ਨਿਸ਼ਾਨਾ ਲਗਾਉਣ 'ਚ ਮਾਹਰ ਹੈ। ਰਾਫ਼ੇਲ ਇਕ ਮਿੰਟ ਵਿਚ 60 ਹਜ਼ਾਰ ਫੁੱਟ ਦੀ ਉਚਾਈ ਤਕ ਜਾ ਸਕਦਾ ਹੈ। ਇਹ ਵੱਧ ਤੋਂ ਵੱਧ 24,500 ਕਿਲੋਗ੍ਰਾਮ ਦਾ ਭਾਰ ਚੁੱਕ ਕੇ ਉੱਡਣ ਵਿਚ ਸਮਰੱਥ ਹੈ। ਇਸ ਦੀ ਵੱਧ ਤੋਂ ਵੱਧ ਰਫ਼ਤਾਰ 2200 ਤੋਂ 2500 ਕਿਮੀ ਪ੍ਰਤੀ ਘੰਟਾ ਹੈ ਅਤੇ ਇਸ ਦੀ ਰੇਂਜ 3700 ਕਿਲੋਮੀਟਰ ਹੈ।