ਰਾਫ਼ੇਲ ਮਾਮਲੇ 'ਚ ਮੀਨਾਕਸ਼ੀ ਲੇਖੀ ਨੇ ਰਾਹੁਲ ਗਾਂਧੀ ਵਿਰੁੱਧ ਮਾਣਹਾਨੀ ਪਟੀਸ਼ਨ ਦਾਇਰ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਫ਼ੇਲ ਮਾਮਲੇ 'ਚ ਨਰਿੰਦਰ ਮੋਦੀ ਬਾਰੇ ਕੀਤੀ ਟਿਪਣੀ 'ਚੌਕੀਦਾਰ ਚੋਰ ਹੈ' ਲਈ ਸੁਪਰੀਮ ਕੋਰਟ 'ਚ ਦਾਇਰ ਕੀਤੀ ਪਟੀਸ਼ਨ

Meenakshi Lekhi files criminal contempt case against Rahul Gandhi

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਮੀਨਕਾਸ਼ੀ ਲੇਖੀ ਨੇ ਸ਼ੁਕਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਨੇ ਸੁਪਰੀਮ ਕੋਰਟ 'ਚ ਰਾਹੁਲ ਗਾਂਧੀ ਵਿਰੁੱਧ ਰਾਫ਼ੇਲ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀ ਟਿਪਣੀ 'ਚੌਕੀਦਾਰ ਚੋਰ ਹੈ' ਲਈ ਮਾਣਹਾਨੀ ਪਟੀਸ਼ਨ ਦਾਇਰ ਕੀਤੀ। ਸੁਪਰੀਮ ਕੋਰਟ ਇਸ ਪਟੀਸ਼ਨ 'ਤੇ 15 ਅਪ੍ਰੈਲ ਨੂੰ ਸੁਣਵਾਈ ਕਰੇਗਾ।

ਦਰਅਸਲ ਮੀਨਾਕਸ਼ੀ ਲੇਖੀ ਨੇ ਦੋਸ਼ ਲਗਾਇਆ ਹੈ ਕਿ ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ਦੇ ਆਦੇਸ਼ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ। ਲੇਖੀ ਦਾ ਦੋਸ਼ ਹੈ ਕਿ ਰਾਹੁਲ ਗਾਂਧੀ ਨੇ 'ਚੌਕੀਦਾਰ ਚੋਰ ਹੈ' ਬਿਆਨ ਨੂੰ ਇਸ ਤਰ੍ਹਾਂ ਪੇਸ਼ ਕੀਤਾ ਹੈ, ਜਿਵੇਂ ਉਹ ਸੁਪਰੀਮ ਕੋਰਟ ਦਾ ਬਿਆਨ ਹੋਵੇ। ਸੁਪਰੀਮ ਕੋਰਟ 'ਚ ਮੀਨਾਕਸ਼ੀ ਲੇਖੀ ਵਲੋਂ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਪੇਸ਼ ਹੋਏ। ਇਸ ਮਾਮਲੇ 'ਚ ਸੋਮਵਾਰ ਨੂੰ ਸੁਣਵਾਈ ਹੋਵੇਗੀ।

ਜ਼ਿਕਰਯੋਗ ਹੈ ਕਿ ਮੀਨਾਕਸ਼ੀ ਲੇਖੀ ਭਾਜਪਾ ਦੀ ਸੰਸਦ ਮੈਂਬਰ ਹੈ। ਉਹ ਨਵੀਂ ਦਿੱਲੀ ਤੋਂ 16ਵੀਂ ਲੋਕ ਸਭਾ ਲਈ ਸੰਸਦ ਮੈਂਬਰ ਚੁਣੀ ਗਈ ਸੀ। ਭਾਜਪਾ ਦੀ ਰਾਸ਼ਟਰੀ ਬੁਲਾਰਨ ਮੀਨਾਕਸ਼ੀ ਲੇਖੀ ਪੇਸ਼ੇ ਤੋਂ ਵਕੀਲ ਵੀ ਹੈ। ਸਾਲ 2014 'ਚ ਮੀਨਾਕਸ਼ੀ ਨਵੀਂ ਦਿੱਲੀ ਲੋਕ ਸਭਾ ਸੀਟ ਤੋਂ 4.30 ਲੱਖ ਵੋਟਾਂ ਦੇ ਅੰਤਰ ਨਾਲ ਜਿੱਤੀ ਸੀ। ਮੀਨਾਕਸ਼ੀ ਦਿੱਲੀ ਦੇ ਹਿੰਦੂ ਕਾਲਜ ਤੋਂ ਬੀ.ਐਸ.ਸੀ. ਅਤੇ ਦਿੱਲੀ ਯੂਨੀਵਰਸਿਟੀ ਤੋਂ ਵੀ ਐਲ.ਐਲ.ਬੀ. ਹੈ।