ਬਿਨਾਂ ਪੁੱਛੇ ਪਤਨੀ ਨੂੰ ਪਤੀ ਦੇ ਬੈਂਕ ਖਾਤੇ ਦੀ ਜਾਣਕਾਰੀ ਦੇਣ ਕਾਰਨ ਬੈਂਕ 'ਤੇ 10 ਹਜ਼ਾਰ ਜੁਰਮਾਨਾ
ਪਮਨਾਨੀ ਨੇ ਕਿਹਾ ਸੀ ਕਿ ਬੈਂਕ ਦੇ ਇਸ ਫੈਸਲੇ ਨਾਲ ਉਸ ਦੀ ਅਪਣੀ ਵਿੱਤੀ ਹਾਲਤ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਬੇਕਾਰ ਹੋ ਗਈ।
ਅਹਿਮਦਾਬਾਦ , ( ਭਾਸ਼ਾ ) : ਇਕ ਸਥਾਨਕ ਬੈਂਕ ਨੂੰ ਅਪਣੇ ਗਾਹਕ ਦੀ ਮੰਜੂਰੀ ਤੋਂ ਬਗੈਰ ਉਸ ਦੇ ਬੈਂਕ ਖਾਤੇ ਦੀ ਸਟੇਟਮੈਂਟ ਉਸ ਦੀ ਪਤਨੀ ਨੂੰ ਦੇਣ ਕਾਰਨ ਉਸ ਨੂੰ ਜੁਰਮਾਨਾ ਭੁਗਤਣਾ ਪਿਆ। ਅਹਿਮਦਾਬਾਦ ਦੇ ਜਿਲ੍ਹਾ ਖਪਤਕਾਰ ਵਿਵਾਦ ਨਿਵਾਰਣ ਫੋਰਮ ਵੱਲੋਂ ਇੰਡੀਅਨ ਓਵਰਸੀਜ਼ ਬੈਂਕ ਨੂੰ ਹੁਕਮ ਦਿਤਾ ਗਿਆ ਕਿ ਉਹ ਦਿਨੇਸ਼ ਪਮਨਾਨੀ ਨੂੰ 10 ਹਜ਼ਾਰ ਰੁਪਏ ਦਾ ਜੁਰਮਾਨਾ ਦੇਵੇ। ਪਮਨਾਨੀ ਨੇ ਬੈਂਕ 'ਤੇ ਇਹ ਕਹਿੰਦੇ ਹੋਏ ਮਾਮਲਾ ਦਰਜ ਕੀਤਾ ਸੀ ਕਿ ਬੈਂਕ ਨੇ ਬਗੈਰ ਉਸ ਤੋਂ ਪੁੱਛੇ ਉਸ ਦੇ ਬੈਂਕ ਖਾਤੇ ਦੀ ਜਾਣਕਾਰੀ ਉਸ ਦੀ ਪਤਨੀ ਨੂੰ ਦਿਤੀ।
ਪਮਨਾਨੀ ਨੇ ਦੱਸਿਆ ਕਿ ਉਸ ਦਾ ਅਪਣੀ ਪਤਨੀ ਨਾਲ ਪਰਵਾਰਕ ਅਦਾਲਤ ਵਿਚ ਵਿਵਾਹਕ ਵਿਵਾਦ ਚਲ ਰਿਹਾ ਹੈ ਅਤੇ ਉਸ ਦੀ ਪਤਨੀ ਬੈਂਕ ਸਟੇਟਮੈਂਟ ਤੋਂ ਮਿਲੀ ਜਾਣਕਾਰੀ ਕੋਰਟ ਨੂੰ ਦੇ ਸਕਦੀ ਹੈ। ਪਮਨਾਨੀ ਨੇ ਕਿਹਾ ਸੀ ਕਿ ਬੈਂਕ ਦੇ ਇਸ ਫੈਸਲੇ ਨਾਲ ਉਸ ਦੀ ਅਪਣੀ ਵਿੱਤੀ ਹਾਲਤ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਬੇਕਾਰ ਹੋ ਗਈ। 6 ਮਈ 2017 ਨੂੰ ਬੈਂਕ ਵੱਲੋ ਅਪਣੇ ਮੋਬਾਈਲ ਫੋਨ 'ਤੇ ਸੁਨੇਹਾ ਮਿਲਿਆ ਸੀ ਕਿ ਉਸ਼ ਦੇ ਅਕਾਉਂਟ ਤੋਂ 103 ਰੁਪਏ ਕੱਟ ਲਏ ਗਏ ਹਨ। ਦੋ ਦਿਨ ਬਾਅਦ ਜਦ ਉਹਨਾਂ ਨੇ ਬੈਂਕ ਅਧਿਕਾਰੀਆਂ ਤੋਂ ਇਸ ਕਟੌਤੀ ਬਾਰੇ ਪੁੱਛਿਆ ਤਾਂ
ਉਸ ਨੂੰ ਦੱਸਿਆ ਗਿਆ ਕਿ ਉਸ ਦੀ ਪਤਨੀ ਹਰਸ਼ਿਕਾ ਨੇ ਉਹਨਾਂ ਦੇ ਬੈਂਕ ਦੀ ਸਟੇਟਮੈਂਟ ਕਢਵਾਈ ਸੀ, ਇਸ ਲਈ ਇਹ ਫੀਸ ਲਈ ਗਈ ਹੈ। ਪਮਨਾਨੀ ਦਾ ਕਹਿਣਾ ਹੈ ਕਿ ਉਹਨਾਂ ਨੇ ਬੈਂਕ ਨੂੰ ਇਸ ਲਈ ਅਧਿਕਾਰ ਨਹੀਂ ਦਿਤੇ ਸਨ ਕਿ ਉਸ ਦੇ ਬੈਂਕ ਖਾਤੇ ਦੀ ਜਾਣਕਾਰੀ ਉਸ ਦੀ ਪਤਨੀ ਨੂੰ ਦੇਵੇ। ਬੈਂਕ ਦਾ ਕਹਿਣਾ ਹੈ ਕਿ ਪਮਨਾਨੀ ਦੀ ਪਤਨੀ ਹਰਸ਼ਿਕਾ ਬੈਂਕ ਵਿਚ ਅਪਣੇ ਪਤੀ ਦੇ ਏਜੰਟ ਦੇ ਤੌਰ 'ਤੇ ਆਈ ਸੀ ਅਤੇ ਬੈਂਕ ਨੇ ਸਟੇਟਮੈਂਟ ਵਿਚ ਅਪਣੇ ਗਾਹਕ ਨੂੰ ਬਿਹਤਰ ਸੇਵਾਵਾਂ ਦੇਣ ਦੇ ਤੌਰ 'ਤੇ ਇਹ ਜਾਣਕਾਰੀ ਉਸ ਨੂੰ ਦਿਤੀ।