ਬਿਟਕਾਇਨ ਜਿਹੀ ਕਰੰਸੀ ਦੇ ਨਾਮ 'ਤੇ ਕਰੋੜਾਂ ਦੀ ਠਗੀ ਕਰਨ ਵਾਲਾ ਗ੍ਰਿਫਤਾਰ
ਕ੍ਰਾਈਮ ਬ੍ਰਾਂਚ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਦਿੱਲੀ ਵਿਚ ਕੁਝ ਲੋਕ ਕ੍ਰਿਪਟੋ ਕਰੰਸੀ ਦੇ ਨਾਮ 'ਤੇ ਲੋਕਾਂ ਨਾਲ ਠਗੀ ਕਰ ਰਹੇ ਹਨ।
ਨਵੀਂ ਦਿੱਲੀ : ਕ੍ਰਾਈਮ ਬ੍ਰਾਂਚ ਵੱਲੋਂ ਇਕ ਅਜਿਹੇ ਜਾਲਸਾਜ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸਨੇ ਨੌਕਰੀ ਛੱਡ ਕੇ ਮਨੀ ਟ੍ਰੇਡ ਕਾਇਨ ( ਐਮਟੀਸੀ) ਨਾਮ ਤੋਂ ਅਪਣੀ ਵਰਚੂਅਲ ਕ੍ਰਿਪਟੋ ਕਰੰਸੀ ਲਾਂਚ ਕਰ ਕੇ ਪੂਰੇ ਦੇਸ਼ ਵਿਚ ਹਜ਼ਾਰਾਂ ਲੋਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ। ਦੋਸ਼ੀ ਦੀ ਪਛਾਣ ਰੋਹਿਤ ਕੁਮਾਰ ( 32) ਦੇ ਤੌਰ 'ਤੇ ਹੋਈ ਹੈ। ਲੋਕਾਂ ਨੂੰ ਅਪਣੇ ਜਾਲ ਵਿਚ ਫਸਾਉਣ ਲਈ ਉਹ ਫਾਈਵ ਸਟਾਰ ਹੋਟਲਾਂ ਵਿਚ ਸੈਮੀਨਾਰ ਕਰਦਾ ਸੀ।
ਉਸ ਨੇ ਲੋਕਾਂ ਨੂੰ ਲਾਲਚ ਦਿਤਾ ਸੀ ਕਿ ਇਕ ਦਿਨ ਉਸ ਦੀ ਇਹ ਕਰੰਸੀ 2500 ਡਾਲਰ ਤੱਕ ਪਹੁੰਚ ਜਾਵੇਗੀ। ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਰੈਕਟ ਵਿਚ ਸ਼ਾਮਲ ਉਸ ਦੇ ਤਿੰਨ ਸਾਥੀਆਂ ਸਚਿਨ, ਵਿਕਰਮ ਅਤੇ ਟੀ ਕਾਜੀ ਨੂੰ ਮਹਾਰਾਸ਼ਟਰਾ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ। ਗੈਂਗ ਦਾ ਪੰਜਵਾਂ ਮੈਂਬਰ ਡਾਕਟਰ ਅਮਿਤ ਲਖਨਪਾਲ ਅਜੇ ਫਰਾਰ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਵਧੀਕ ਸੀਪੀ ਅਜੀਤ ਕੁਮਾਰ ਸਿੰਘਲਾ ਨੇ ਦਸਿਆ ਕਿ ਕ੍ਰਾਈਮ ਬ੍ਰਾਂਚ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਦਿੱਲੀ ਵਿਚ ਕੁਝ ਲੋਕ ਕ੍ਰਿਪਟੋ ਕਰੰਸੀ ਦੇ ਨਾਮ 'ਤੇ ਲੋਕਾਂ ਨਾਲ ਠਗੀ ਕਰ ਰਹੇ ਹਨ।
ਅਰੁਣ ਕੁਮਾਰ ਨਾਮ ਦੇ ਇਕ ਆਦਮੀ ਨੇ ਸ਼ਿਕਾਇਤ ਕੀਤੀ ਕਿ ਉਸ ਨਾਲ ਕ੍ਰਿਪਟੋ ਕਰੰਸੀ ਦੇ ਨਾਮ ਤੇ 13.90 ਲੱਖ ਰੁਪਏ ਦਾ ਧੋਖਾ ਕੀਤਾ ਗਿਆ। ਰਕਮ ਦੇਣ ਤੋਂ ਬਾਅਦ ਉਸ ਨੂੰ ਪਤਾ ਲਗਾ ਕਿ ਇਸ ਨਾਮ ਨਾਲ ਕੋਈ ਕਰੰਸੀ ਬਜ਼ਾਰ ਵਿਚ ਨਹੀਂ ਹੈ। ਇਸੇ ਤਰਾਂ ਸ਼ਕਰਪੁਰ ਵਿਚ ਰਹਿਣ ਵਾਲੇ ਵਿਨੋਦ ਕੁਮਾਰ ਨੇ ਵੀ ਅਪਣੀ ਸ਼ਿਕਾਇਤ ਵਿਚ ਕਿਹਾ ਕਿ ਉਸ ਤੋਂ ਇਕ ਕੰਪਨੀ ਵਿਚ 7.50 ਲੱਖ ਰੁਪਏ ਇਹ ਕਹਿ ਕੇ ਨਿਵੇਸ਼ ਕਰਾ ਲਏ ਗਏ ਕਿ ਉਸ ਨੂੰ ਵਧੀਆ ਰਿਟਰਨ ਮਿਲੇਗਾ। ਕ੍ਰਾਈਮ ਬ੍ਰਾਂਚ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਪੁਲਿਸ ਨੇ ਪੂਰੇ ਰੈਕਟ ਦਾ ਪਰਦਾਫ਼ਾਸ਼ ਕਰਨ ਲਈ ਡੀਸੀਪੀ ਭੀਸ਼ਮ ਸਿੰਘ ਦੀ ਨਿਗਰਾਨੀ ਵਿਚ ਇਕ ਟੀਮ ਬਣਾਈ ਗਈ। ਪੁਲਿਸ ਟੀਮ ਨੇ ਇਸ ਗੈਂਗ ਸਬੰਧੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿਤੀ। ਪੁਲਿਸ ਨੇ ਇਕ ਸੂਚਨਾ ਦੇ ਆਧਾਰ 'ਤੇ ਬੁਰਾੜੀ ਤੋਂ ਰੋਹਿਤ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਛਗਿਛ ਵਿਚ ਪਤਾ ਲਗਾ ਕਿ ਉਹ ਮੂਲ ਤੌਰ ਤੇ ਆਜ਼ਮਗੜ੍ਹ ਦਾ ਰਹਿਣ ਵਾਲਾ ਹੈ। ਉਸ ਨੇ ਕਈ ਕੰਪਨੀਆਂ ਵਿਚ ਨੌਕਰੀ ਕੀਤੀ ਪਰ ਸਾਲ 2017 ਵਿਚ ਨੌਕਰੀ ਛੱਡ ਕੇ ਕ੍ਰਿਪਟੋ ਕਰੰਸੀ ਲਾਂਚ ਕਰ ਦਿਤੀ ਅਤੇ ਕਈ ਲੋਕਾਂ ਨਾਲ ਕਰੋੜਾਂ ਦੀ ਠਗੀ ਕੀਤੀ।