ਫਰਜੀ ਕਾਲ ਸੈਂਟਰ ਦਾ ਪਰਦਾਫ਼ਾਸ਼, ਐਫਬੀਆਈ ਅਧਿਕਾਰੀ ਬਣ ਕੇ ਅਮਰੀਕੀਆਂ ਨਾਲ ਕਰਦੇ ਸੀ ਠਗੀ
ਦੋਸ਼ੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਗੂਗਲ ਅਤੇ ਹੋਰਨਾਂ ਸਾਧਨਾਂ ਰਾਹੀ ਲੋਕਾਂ ਦਾ ਡਾਟਾ ਅਤੇ ਸੋਸ਼ਲ ਸਕਿਊਰਿਟੀ ਨੰਬਰ ਹਾਸਲ ਕਰ ਕੇ ਉਹਨਾਂ ਨਾਲ ਰਾਬਤਾ ਕਾਇਮ ਕਰਦੇ ਸਨ।
ਨੋਇਡਾ, ( ਭਾਸ਼ਾ ) : ਅਮਰੀਕੀ ਏਜੰਸੀ ਐਫਬੀਆਈ (ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ) ਦੇ ਅਧਿਕਾਰੀ ਬਣ ਕੇ ਵਿਦੇਸ਼ੀਆਂ ਨਾਲ ਠਗੀ ਕਰਨ ਵਾਲੇ ਇਕ ਕਾਲ ਸੈਂਟਰ ਦਾ ਪਰਦਾਫ਼ਾਸ਼ ਹੋਇਆ ਹੈ। ਨੋਇਡਾ ਪੁਲਿਸ ਨੇ ਇਸ ਮਾਮਲੇ ਵਿਚ 125 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੂੰ ਮੌਕੇ 'ਤੇ ਕਈ ਕੰਪਿਊਟਰ, ਹਾਰਡ ਡਿਸਕ, ਲੈਪਟਾਪ ਅਤੇ ਚੈਕਬੁੱਕ ਆਦਿ ਬਰਾਮਦ ਹੋਏ ਹਨ। ਪੁਛਗਿਛ ਦੌਰਾਨ ਪੁਲਿਸ ਨੂੰ ਪਤਾ ਲਗਾ ਹੈ ਕਿ ਇਹ ਲੋਕ ਬਹੁਤ ਸਮਾਂ ਪਹਿਲਾਂ ਤੋਂ ਵਿਦੇਸ਼ੀ ਲੋਕਾਂ ਨਾਲ ਠਗੀ ਕਰ ਰਹੇ ਹਨ।
ਸੀਨੀਅਰ ਪੁਲਿਸ ਅਧਿਕਾਰੀ ਡਾ.ਅਜੇ ਪਾਲ ਸ਼ਰਮਾ ਨੇ ਦੱਸਿਆ ਕਿ ਇਕ ਕਾਲ ਸੈਂਟਰ ਦੇ ਲੋਕਾਂ ਵੱਲੋਂ ਅਮਰੀਕੀ ਲੋਕਾਂ ਨਾਲ ਸੰਪਰਕ ਕਰ ਕੇ ਉਹਨਾਂ ਨੂੰ ਠਗਣ ਦੀ ਸੂਚਨਾ ਮਿਲਣ ਦੇ ਆਧਾਰ 'ਤੇ ਇਕ ਵਿਸ਼ੇਸ਼ ਟੀਮ ਬਣਾ ਕੇ ਇਸ ਕਾਲ ਸੈਂਟਰ 'ਤੇ ਛਾਪਾ ਮਾਰਿਆ ਗਿਆ। ਛਾਪੇਮਾਰੀ ਦੌਰਾਨ 125 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਛਗਿਛ ਦੌਰਾਨ ਦੋਸ਼ੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਗੂਗਲ ਅਤੇ ਹੋਰਨਾਂ ਸਾਧਨਾਂ ਰਾਹੀ ਲੋਕਾਂ ਦਾ ਡਾਟਾ ਅਤੇ ਸੋਸ਼ਲ ਸਕਿਊਰਿਟੀ ਨੰਬਰ ਹਾਸਲ ਕਰ ਕੇ ਉਹਨਾਂ ਨਾਲ ਰਾਬਤਾ ਕਾਇਮ ਕਰਦੇ ਸਨ।
ਇਹ ਲੋਕ ਅਪਣੇ ਆਪ ਨੂੰ ਅਮਰੀਕੀ ਖੁਫੀਆ ਏਜੰਸੀ ਐਫਬੀਆਈ ਦੇ ਅਧਿਕਾਰੀ ਦੱਸ ਕੇ ਅਮਰੀਕੀ ਨਾਗਰਿਕਾਂ ਨੂੰ ਝੂਠੇ ਮਾਮਲਿਆਂ ਅਤੇ ਚਾਈਲਡ ਪੋਰਨੋਗ੍ਰਾਫੀ ਮਾਮਲਿਆਂ ਵਿਚ ਫਸਾਉਣ ਦੀ ਧਮਕੀ ਦਿੰਦੇ ਸਨ। ਐਸਐਸਪੀ ਨੇ ਦੱਸਿਆ ਕਿ ਜੋ ਇਹਨਾਂ ਦੇ ਇਸ ਠਗੀ ਵਿਚ ਆ ਜਾਂਦਾ ਸੀ, ਉਸ ਤੋਂ ਇਹ ਲੋਕ 2,000 ਅਮਰੀਕੀ ਡਾਲਰ ਤੋਂ ਲੈ ਕੇ 5000 ਅਮਰੀਕੀ ਡਾਲਰ ਤੱਕ ਦੀ ਰਕਮ ਅਪਣੇ ਖਾਤੇ ਵਿਚ ਜਮ੍ਹਾਂ ਕਰਵਾ ਲੈਂਦੇ ਸਨ। ਉਹਨਾਂ ਦੱਸਿਆ ਕਿ ਅਮਰੀਕੀ ਜਾਂਚ ਏਜੰਸੀ ਐਫਬੀਆਈ ਨੂੰ ਈ-ਮੇਲ ਰਾਹੀਂ ਇਸ ਘਟਨਾ ਦੀ ਜਾਣਕਾਰੀ ਦੇ ਦਿਤੀ ਗਈ ਹੈ।
ਕੁਝ ਦਿਨ ਪਹਿਲਾਂ ਐਫਬੀਆਈ ਦੇ ਕੁਝ ਅਧਿਕਾਰੀ ਭਾਰਤ ਆਏ ਸਨ। ਇਹਨਾਂ ਅਧਿਕਾਰੀਆਂ ਨੇ ਨੋਇਡਾ ਪੁਲਿਸ ਨਾਲ ਸੰਪਰਕ ਕਰ ਕੇ ਉਹਨਾਂ ਨੂੰ ਕੁਝ ਮਹੱਤਵਪੂਰਨ ਜਾਣਕਾਰੀ ਦਿਤੀ ਸੀ। ਉਸ ਤੋਂ ਬਾਅਦ ਵਿਦੇਸ਼ੀ ਲੋਕਾਂ ਨਾਲ ਠਗੀ ਕਰਨ ਵਾਲੇ ਦਰਜਨ ਦੇ ਲਗਭਗ ਕਾਲ ਸੈਂਟਰਾਂ 'ਤੇ ਪੁਲਿਸ ਵੱਲੋਂ ਛਾਪੇਮਾਰੀ ਕੀਤ ਗਈ। ਐਸਐਪੀ ਨੇ ਦੱਸਿਆ ਕਿ ਮੌਕੇ ਤੋਂ ਕੰਪਿਊਟਰ, ਲੈਪਟਾਪ ਤੇ ਹੋਰ ਸਮੱਗਰੀ ਹਾਸਲ ਹੋਈ ਹੈ।ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਪੁਛਗਿਛ ਕੀਤੀ ਜਾ ਰਹੀ ਹੈ