ਭਾਰਤ 'ਚ ਬਣ ਰਿਹੈ ਦੁਨੀਆਂ ਦਾ ਸੱਭ ਤੋਂ ਵੱਡਾ ਅਤਿਆਧੁਨਿਕ ਕ੍ਰਿਕੇਟ ਸਟੇਡੀਅਮ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇਸ ਕ੍ਰਿਕੇਟ ਸਟੇਡੀਅਮ ਨੂੰ 700 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਸ ਦਾ ਨੀਂਹ ਪੱਥਰ 16 ਜਨਵਰੀ 2017 ਨੂੰ ਰੱਖਿਆ ਗਿਆ ਸੀ।

world’s biggest cricket stadium at Motera

ਗੁਜਰਾਤ : ਭਾਰਤ ਵਿਚ ਦੁਨੀਆਂ ਦਾ ਸੱਭ ਤੋਂ ਵੱਡਾ ਕ੍ਰਿਕੇਟ ਸਟੇਡੀਅਮ ਛੇਤੀ ਹੀ ਬਣ ਕੇ ਤਿਆਰ ਹੋ ਜਾਵੇਗਾ। ਇਹ ਸਟੇਡੀਅਮ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਦੇ ਮੋਟੇਰਾ ਵਿਚ ਬਣ ਰਿਹਾ ਹੈ। ਗੁਜਰਾਤ ਕ੍ਰਿਕੇਟ ਐਸੋਸੀਏਸ਼ਨ ਇਸ ਸਟੇਡੀਅਮ ਨੂੰ ਛੇਤੀ ਤਿਆਰ ਕਰਨ ਲਈ ਪੂਰੀ ਮਿਹਨਤ ਕਰ ਰਿਹਾ ਹੈ। ਇਸ ਕ੍ਰਿਕੇਟ ਸਟੇਡੀਅਮ ਨੂੰ 700 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਸ ਦਾ ਨੀਂਹ ਪੱਥਰ 16 ਜਨਵਰੀ 2017 ਨੂੰ ਰੱਖਿਆ ਗਿਆ ਸੀ।

ਨੀਂਹ ਪੱਥਰ ਰੱਖਣ ਤੋਂ ਦੋ ਸਾਲ ਬਾਅਦ ਗੁਜਰਾਤ ਕ੍ਰਿਕੇਟ ਐਸੋਸੀਏਸ਼ਨ ਦੇ ਉਪ ਮੁਖੀ ਪਰਿਮਲ ਨਥਵਾਨੀ ਨੇ ਉਸਾਰੀ ਅਧੀਨ ਕੀਤੇ ਜਾ ਰਹੇ ਕੰਮਾਂ ਦੀ ਤਸਵੀਰਾਂ ਟਵੀਟ ਕੀਤੀਆਂ ਹਨ। ਇਹ ਕ੍ਰਿਕੇਟ ਸਟੇਡੀਅਮ ਆਸਟਰੇਲੀਆ ਦੇ ਇਤਿਹਾਸਕ ਮੇਲਬਰਨ ਦੇ ਕ੍ਰਿਕੇਟ ਦੇ ਮੈਦਾਨ ਅਤੇ ਕੋਲਕਾਤਾ ਦੇ ਇਡਨ ਗਾਰਡਨਸ ਮੈਦਾਨ ਤੋਂ ਹਰ ਮਾਮਲੇ ਵਿਚ ਵੱਡਾ ਹੋਵੇਗਾ। ਤਸਵੀਰਾਂ ਵਿਚ ਇਸ ਕ੍ਰਿਕੇਟ ਸਟੇਡੀਅਮ ਦਾ ਢਾਂਢਾ ਪੂਰੀ ਤਰ੍ਹਾਂ ਨਾਲ ਤਿਆਰ ਨਜ਼ਰ ਆ ਰਿਹਾ ਹੈ। ਆਖਰੀ ਪੜਾਅ 'ਤੇ ਸਿਰਫ ਪਿਚ ਅਤੇ ਆਊਟਫੀਲਡ ਦਾ ਕੰਮ ਬਾਕੀ ਹੈ।

 


 

ਇਸ ਸਟੇਡੀਅਮ ਦੀ ਉਸਾਰੀ 63 ਏਕੜ ਵਿਚ ਕੀਤੀ ਜਾ ਰਹੀ ਹੈ। ਲਾਰਸਨ ਐਂਡ ਟੁਬਰੋ ਅਤੇ ਪਾਪੁਲਸ ਜਿਹੀਆਂ ਕੰਸਟਰਕਸ਼ਨ ਕੰਪਨੀਆਂ ਇਸ ਦੀ ਉਸਾਰੀ ਕਰ ਰਹੀਆਂ ਹਨ। ਇਸ ਕ੍ਰਿਕੇਟ ਸਟੇਡੀਅਮ ਵਿਚ ਤਿੰਨ ਪ੍ਰੈਕਿਟਸ ਗ੍ਰਾਉਂਡ ਅਤੇ ਇਕ ਇੰਡੋਰ ਕ੍ਰਿਕੇਟ ਅਕਾਦਮੀ ਹੋਵੇਗੀ। ਇਸ ਦੇ ਪਾਰਕਿੰਗ ਖੇਤਰ ਵਿਚ 3000 ਕਾਰਾਂ ਅਤੇ 10,000 ਦੋ ਪਹੀਆ ਵਾਹਨਾਂ ਨੂੰ ਪਾਰਕ ਕੀਤੇ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ ਸਟੇਡੀਅਮ ਵਿਚ 76 ਕਾਰਪੋਰੇਟ ਬਾਕਸ, ਚਾਰ ਡ੍ਰੈਸਿੰਗ ਰੂਮ, ਇਕ ਕਲੱਬ ਹਾਊਸ ਅਤੇ ਓਲਪਿੰਕ ਅਕਾਰ ਦਾ ਇਕ ਸਵੀਮਿੰਗ ਪੂਲ ਹੋਵੇਗਾ। ਮੋਟੇਰਾ ਵਿਚ ਬਣ ਰਹੇ ਇਸ ਸ਼ਾਨਦਾਰ ਕ੍ਰਿਕੇਟ ਸਟੇਡੀਅਮ ਵਿਚ 1 ਲੱਖ ਤੋਂ ਵੱਧ ਲੋਕਾਂ ਦੇ ਬੈਠਣ ਦੀ ਵਿਵਸਥਾ ਹੋਵੇਗੀ। ਇਸ ਸਟੇਡੀਅਮ ਦੇ 2023 ਤੱਕ ਅੰਤਰਰਾਸ਼ਟਰੀ ਮੈਚਾਂ ਦੇ ਆਯੋਜਨ ਲਈ ਪੂਰੀ ਤਰ੍ਹਾਂ  ਤਿਆਰ ਹੋਣ ਦੀ ਸੰਭਾਵਨਾ ਹੈ। ਇਸੇ ਸਾਲ ਭਾਰਤ ਇਕ ਰੋਜ਼ਾ ਵਿਸ਼ਵ ਕੱਪ ਦੀ ਮੇਜ਼ਬਾਨੀ ਵੀ ਕਰੇਗਾ।