ਰਲੇਵੇ ਦੀ ਯਾਤਰੀਆਂ ਨੂੰ ਸੌਗਾਤ, ਇਕ ਪਛਾਣ ਪੱਤਰ 'ਤੇ ਹੋਵੇਗੀ ਦੁਗਣੇ ਟਿਕਟਾਂ ਦੀ ਬੁਕਿੰਗ
ਹੁਣ ਕੀਤੀ ਗਈ ਸੋਧ ਮੁਤਾਬਕ ਇਕ ਯੂਜਰ ਇਕ ਮਹੀਨੇ ਵਿਚ ਇਕ ਆਈਆਰਸੀਟੀਸੀ ਪੱਛਾਣ ਪੱਤਰ ਰਾਹੀਂ 12 ਟਿਕਟਾਂ ਬੁਕ ਕਰਵਾ ਸਕਦਾ ਹੈ।
ਨਵੀਂ ਦਿੱਲੀ : ਭਾਰਤੀ ਰੇਲਵੇ ਅਪਣੀਆਂ ਸੇਵਾਵਾਂ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਲਈ ਰੇਲਵੇ ਨੇ ਟਿਕਟ ਬੁਕਿੰਗ ਦੇ ਨਿਯਮਾਂ ਵਿਚ ਕੁਝ ਬਦਲਾਅ ਕੀਤੇ ਹਨ। ਆਈਆਰਸੀਟੀਸੀ ਯਾਤਰੀਅਨੂੰ ਸਫਰ ਦੌਰਾਨ ਵਧੀਆ ਸਹੂਲਤਾਂ ਦੇਣ ਲਈ ਅਤੇ ਸਫਰ ਨੂੰ ਹੋਰ ਸੁਖਾਲਾ ਬਣਾਉਣ ਲਈ ਹੁਣ ਟਿਕਟ ਬੁਕਿੰਗ ਤੋਂ ਹਟ ਕੇ ਵੀ ਕਈ ਸੇਵਾਵਾਂ ਦੇ ਰਿਹਾ ਹੈ। ਆਈਆਰਸੀਟੀਸੀ ਨੇ ਕੁਝ ਨਿਯਮਾਂ ਵਿਚ ਸੋਧ ਕੀਤੀ ਹੈ। ਦਰਅਸਲ ਇਕ ਯੂਜਰ ਦੇ ਪਛਾਣ ਪੱਤਰ 'ਤੇ ਸਿਰਫ 6 ਟਿਕਟਾਂ ਬੁਕ ਕਰਵਾਉਣ ਦੀ ਹੱਦ ਨਿਰਧਾਰਤ ਕੀਤੀ ਗਈ ਹੈ,
ਪਰ ਹੁਣ ਕੀਤੀ ਗਈ ਸੋਧ ਮੁਤਾਬਕ ਇਕ ਯੂਜਰ ਇਕ ਮਹੀਨੇ ਵਿਚ ਇਕ ਆਈਆਰਸੀਟੀਸੀ ਪੱਛਾਣ ਪੱਤਰ ਰਾਹੀਂ 12 ਟਿਕਟਾਂ ਬੁਕ ਕਰਵਾ ਸਕਦਾ ਹੈ। ਜਿਹੜਾ ਵੀ ਯੂਜਰ ਇਕ ਆਈਡੀ ਤੋਂ 12 ਟਿਕਟਾਂ ਬੁਕ ਕਰਨਾ ਚਾਹੁੰਦਾ ਹੈ ਉਸ ਨੂੰ ਅਪਣਾ ਆਧਾਰ ਕਾਰਡ ਅਪਣੇ ਆਈਆਰਸੀਟੀਸੀ ਅਕਾਉਂਟ ਨਾਲ ਲਿੰਕ ਕਰਨਾ ਪਵੇਗਾ। ਆਈਆਰਸੀਟੀਸੀ ਨੇ ਆਨਲਾਈਨ ਟਿਕਟ ਬੁਕਿੰਗ ਦੀ ਪ੍ਰਕਿਰਿਆ ਨੂੰ ਸਮਾਬੱਧ ਕੀਤਾ ਹੈ। ਯਾਤਰੀਆਂ ਨੂੰ ਅਪਣਾ ਵੇਰਵਾ ਭਰਨ ਲਈ ਹੁਣ ਸਿਰਫ 25 ਸੈਕੰਡ ਦਿਤੇ ਜਾਣਗੇ।
ਭੁਗਤਾਨ ਪੇਜ 'ਤੇ ਕੈਪਚਾ ਕੋਡ ਦਰਜ ਕਰਵਾਉਣ ਦੇ ਨਾਲ ਹੀ ਵੇਰਵੇ ਪੇਜ 'ਤੇ ਸਿਰਫ 5 ਸੈਕੰਡ ਦਿਤੇ ਜਾਣਗੇ। ਆਈਆਰਸੀਟੀਸੀ ਤੋਂ ਅਪਣਾ ਆਧਾਰ ਨੰਬਰ ਲਿੰਕ ਕਰਨ ਲਈ ਯੂਜਰ ਨੂੰ ਅਪਣੇ ਆਈਆਰਸੀਟੀਸੀ ਅਕਾਉਂਟ ਵਿਚ ਜਾਣਾ ਹੋਵੇਗਾ। ਇਸ ਤੋਂ ਬਾਅਦ ਮਾਈ ਪ੍ਰੋਫਾਈਲ ਵਿਚ ਜਾ ਕੇ ਅਪਡੇਟ ਆਧਾਰ 'ਤੇ ਕਲਿਕ ਕਰਨਾ ਹੋਵੇਗਾ। ਇਸ ਤੋਂ ਬਾਅਦ ਆਧਾਰ ਕਾਰਡ ਤੋਂ ਲਿੰਕ ਮੋਬਾਈਲ ਨੰਬਰ 'ਤੇ ਇਕ ਓਟੀਪੀ ਆਵੇਗਾ। ਇਸ ਓਟੀਪੀ ਨੂੰ ਹੀ ਆਈਆਰਸੀਟੀਸੀ 'ਤੇ ਪਾਉਣਾ ਹੈ।
ਇਸ ਤਰ੍ਹਾਂ ਆਧਾਰ ਨੰਬਰ ਆਈਆਰਸੀਟੀਸੀ ਨਾਲ ਜੁੜ ਜਾਵੇਗਾ। ਇਸ ਤੋਂ ਬਾਅਦ ਇਕ ਮਹੀਨੇ ਵਿਚ 12 ਟਿਕਟਾਂ ਦੀ ਬੁਕਿੰਗ ਹੋ ਸਕੇਗੀ। ਰੇਲਵੇ ਦੀ ਇਸ ਸਹੂਲਤ ਨਾਲ ਹੁਣ ਸਫਰ ਕਰਨਾ ਹੋਰ ਵੀ ਸੌਖਾ ਹੋ ਜਾਵੇਗਾ। ਇਸ ਦੇ ਨਾਲ ਹੀ ਆਈਆਰਸੀਟੀਸੀ ਰਾਹੀਂ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਬੁਕਿੰਗ ਕਰਵਾਈ ਜਾ ਸਕਦੀ ਹੈ। ਨਵੇਂ ਨਿਯਮਾਂ ਮੁਤਾਬਕ ਯਾਤਰੀ ਟ੍ਰੇਨ ਦੇ ਟਿਕਟ 120 ਦਿਨ ਪਹਿਲਾਂ ਬੁੱਕ ਕਰਵਾ ਸਕਦੇ ਹਨ।