ਸੁਪ੍ਰੀਮ ਕੋਰਟ ਦੀ ਰਾਹਤ ਤੋਂ ਬਾਅਦ ਅੱਜ CBI ਡਾਇਰੈਕਟਰ ਦਾ ਅਹੁਦਾ ਸੰਭਾਲ ਸਕਦੇ ਹਨ ਆਲੋਕ ਵਰਮਾ
ਦੇਸ਼ ਦੀ ਸਰਵ ਉਚ ਜਾਂਚ ਏਜੰਸੀ ਕੇਂਦਰੀ ਜਾਂਚ ਬਿਊਰੋ (CBI) ਵਿਚ ਪਿਛਲੇ ਦੋ ਮਹੀਨੇ.........
ਨਵੀਂ ਦਿੱਲੀ : ਦੇਸ਼ ਦੀ ਸਰਵ ਉਚ ਜਾਂਚ ਏਜੰਸੀ ਕੇਂਦਰੀ ਜਾਂਚ ਬਿਊਰੋ (CBI) ਵਿਚ ਪਿਛਲੇ ਦੋ ਮਹੀਨੇ ਤੋਂ ਚੱਲ ਰਹੇ ਵਿਵਾਦ ਉਤੇ ਸੁਪ੍ਰੀਮ ਕੋਰਟ ਨੇ ਮੰਗਲਵਾਰ ਨੂੰ ਅਪਣਾ ਫੈਸਲਾ ਸੁਣਾਇਆ। ਸੁਪ੍ਰੀਮ ਕੋਰਟ ਨੇ ਛੁੱਟੀ ਉਤੇ ਭੇਜੇ ਗਏ CBI ਨਿਰਦੇਸ਼ਕ ਆਲੋਕ ਵਰਮਾ ਨੂੰ ਦੁਬਾਰਾ ਅਹੁਦੇ ਉਤੇ ਬਹਾਲ ਕਰਨ ਦਾ ਆਦੇਸ਼ ਦਿਤਾ ਹੈ। ਆਲੋਕ ਵਰਮਾ ਅੱਜ ਦੁਬਾਰਾ ਸੀਬੀਆਈ ਦਫ਼ਤਰ ਜਾ ਕੇ ਨਿਰਦੇਸ਼ਕ ਦੇ ਰੂਪ ਵਿਚ ਕਾਰਜਭਾਰ ਸੰਭਾਲ ਸਕਦੇ ਹਨ, ਹਾਲਾਂਕਿ ਅਗਲੇ ਇਕ ਹਫ਼ਤੇ ਤੱਕ ਉਹ ਕੋਈ ਨੀਤੀਗਤ ਫੈਸਲਾ ਨਹੀਂ ਲੈ ਪਾਉਣਗੇ।
ਦੱਸ ਦਈਏ ਕਿ ਸੀਬੀਆਈ ਵਿਚ ਸਿਖਰਲੇ ਅਹੁਦੇ ਉਤੇ ਤੈਨਾਤ ਦੋ ਅਫਸਰਾਂ ਵਿਚ ਲੜਾਈ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਦੋਨਾਂ ਨੂੰ ਛੁੱਟੀ ਉਤੇ ਭੇਜ ਦਿਤਾ ਗਿਆ ਸੀ। ਜਿਸ ਤੋਂ ਬਾਅਦ ਸੀਬੀਆਈ ਨਿਰਦੇਸ਼ਕ ਆਲੋਕ ਵਰਮਾ ਨੇ ਸੁਪ੍ਰੀਮ ਕੋਰਟ ਵਿਚ ਮੰਗ ਦਰਜ਼ ਕੀਤੀ ਸੀ, ਮੰਗਲਵਾਰ ਨੂੰ ਸੁਪ੍ਰੀਮ ਕੋਰਟ ਨੇ ਕੇਂਦਰ ਦੇ ਫੈਸਲੇ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੇ ਕੋਲ ਇਹ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੈ। ਸੁਪ੍ਰੀਮ ਕੋਰਟ ਨੇ ਅਪਣੇ ਫੈਸਲੇ ਵਿਚ ਕਿਹਾ ਹੈ ਕਿ ਅਫ਼ਸਰਾਂ ਦੇ ਵਿਚਲੇ ਝਗੜੇ ਤੋਂ ਇਲਾਵਾ ਕੇਂਦਰ ਨੂੰ ਸੀਬੀਆਈ ਨਿਰਦੇਸ਼ਕ ਦੇ ਅਹੁਦੇ ਦੇ ਮਾਣ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।
ਇਸ ਪ੍ਰਕਾਰ ਦਾ ਫੈਸਲਾ ਸਿਰਫ਼ ਉਚ ਪੱਧਰ ਦੀ ਕਮੇਟੀ ਹੀ ਲੈ ਸਕਦੀ ਹੈ, ਜਿਸ ਵਿਚ ਪ੍ਰਧਾਨ ਮੰਤਰੀ, ਸੁਪ੍ਰੀਮ ਕੋਰਟ ਦੇ ਚੀਫ਼ ਜਸਟੀਸ ਅਤੇ ਲੋਕਸਭਾ ਵਿਚ ਵਿਰੋਧੀ ਪੱਖ ਦੇ ਨੇਤਾ ਸ਼ਾਮਲ ਹੁੰਦੇ ਹਨ। ਹਾਲਾਂਕਿ, ਅਪਣੇ ਫੈਸਲੇ ਵਿਚ ਸੁਪ੍ਰੀਮ ਕੋਰਟ ਵਿਚ ਆਲੋਕ ਵਰਮਾ ਨੂੰ ਸਾਰੇ ਰੂਪਾਂ ਤੋਂ ਰਾਹਤ ਨਹੀਂ ਦਿਤੀ ਹੈ। ਕੋਰਟ ਦੇ ਫੈਸਲੇ ਅਨੁਸਾਰ, ਆਲੋਕ ਵਰਮਾ ਉਤੇ ਜੋ ਭ੍ਰਿਸ਼ਟਾਚਾਰ ਸਬੰਧੀ ਇਲਜ਼ਾਮ ਹਨ, ਉਸ ਉਤੇ ਉਚ ਪੱਧਰ ਕਮੇਟੀ ਫੈਸਲਾ ਲਵੇਗੀ। ਇਸ ਕਮੇਟੀ ਨੂੰ ਇਕ ਹਫ਼ਤੇ ਦੇ ਅੰਦਰ ਅਪਣਾ ਫੈਸਲਾ ਸੁਣਾਉਣਾ ਹੋਵੇਗਾ।