ਚੰਡੀਗੜ੍ਹ ‘ਚ ਹੁਣ ਇਹ ਚੀਜ਼ ਹੋਈ ਮਹਿੰਗੀ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਤੋਂ ਬਾਅਦ ਹੁਣ ਚੰਡੀਗੜ੍ਹ 'ਚ ਵੀ ਵਧੇਗਾ ਬੱਸਾਂ ਦਾ ਕਿਰਾਇਆ...

Chandigarh

ਚੰਡੀਗੜ੍ਹ: ਸ਼ਹਿਰ ਵਿਚ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੀਆਂ ਬੱਸਾਂ ਵਿਚ ਹੁਣ ਸਫ਼ਰ ਕਰਨਾ ਹੋਰ ਮਹਿੰਗਾ ਹੋ ਜਾਵੇਗਾ, ਕਿਉਂਕਿ ਯੂਟੀ ਪ੍ਰਸ਼ਾਸਨ ਨੇ ਲੋਕਲ ਅਤੇ ਲੰਮੇ ਰੂਟ ਦੋਨਾਂ ਏਸੀ ਤੇ ਨਾਨ ਏਸੀ ਬੱਸਾਂ ਦੇ ਕਿਰਾਏ ਵਿਚ 5 ਫ਼ੀਸਦੀ ਵਾਧੇ ਦੀ ਅਪਰੂਵਲ ਦੇ ਦਿੱਤੀ ਹੈ। 

ਜੀਐਸਟੀ ਨੂੰ ਨਿਊਟ੍ਰੈਲਾਈਜ਼ ਕਰਨ ਦੇ ਲਈ ਹੀ ਇਹ ਫ਼ੈਸਲਾ ਲਿਆ ਗਿਆ ਹੈ। ਪ੍ਰਸਾਸ਼ਕ ਵੀਪੀ ਸਿੰਘ ਬਦਨੌਰ ਦੀ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਵਿਚ ਇਸਦਾ ਫ਼ੈਸਲਾ ਲਿਆ ਗਿਆ ਹੈ। ਮੀਟਿੰਗ ‘ਚ ਸੈਕਟਰੀ ਟ੍ਰਾਂਸਪੋਰਟ ਏਕੇ ਸਿੰਗਲਾ ਵੀ ਮੌਜੂਦ ਸਨ।

ਇਥੇ ਦੱਸਣਯੋਗ ਹੈ ਕਿ ਨਵੇਂ ਸਾਲ ਮੌਕੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਜਿਥੇ ਨਵੇਂ ਵਰ੍ਹੇ ਦੀ ਸ਼ੁਰੂਆਤ ਬਿਜਲੀ ਦਰਾਂ ’ਚ ਵਾਧੇ ਨਾਲ ਕੀਤੀ ਗਈ ਹੈ, ਉਥੇ ਹੀ ਅੱਜ ਨਵੇਂ ਸਾਲ ਤੋਂ ਬੱਸ ਕਿਰਾਏ ਵੀ ਵਧਾ ਦਿੱਤੇ ਗਏ ਹਨ। ਸੂਬਾ ਸਰਕਾਰ ਨੇ ਬੱਸ ਕਿਰਾਏ ਵਿਚ ਦੋ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਹੈ ਜਿਸ ਨਾਲ ਬੱਸਾਂ ਦਾ ਆਮ ਕਿਰਾਇਆ 114 ਤੋਂ ਵਧ ਕੇ 116 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ ਜੋ ਸਧਾਰਨ ਬੱਸਾਂ ਦਾ ਕਿਰਾਇਆ ਹੈ।

ਨਿਰਧਾਰਤ ਨਿਯਮਾਂ ਅਨੁਸਾਰ ਐਚਵੀਏਸੀ ਬੱਸ ਦਾ ਕਿਰਾਇਆ ਆਮ ਕਿਰਾਏ ਤੋਂ 20 ਫੀਸਦੀ ਵੱਧ ਹੁੰਦਾ ਹੈ ਜਿਸ ਤਹਿਤ ਇਹ 139 ਪੈਸੇ ਹੋ ਗਿਆ ਹੈ। ਇੰਟੈਗਰਲ ਕੋਚ ਬੱਸ ਦਾ ਕਿਰਾਇਆ ਆਮ ਕਿਰਾਏ ਤੋਂ 80 ਫੀਸਦੀ ਵੱਧ ਭਾਵ 208 ਪੈਸੇ, ਜਦਕਿ ਸੁਪਰ ਇੰਟੈਗਰਲ ਕੋਚ ਬੱਸ ਦਾ ਕਿਰਾਇਆ ਆਮ ਕਿਰਾਏ ਤੋਂ ਸੌ ਫੀਸਦੀ ਵੱਧ ਹੁੰਦਾ ਹੈ ਜਿਸ ਤਹਿਤ ਇਹ ਕਿਰਾਇਆ ਵਧ ਕੇ ਹੁਣ 232 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ।

ਇਸ ਵਾਧੇ ਨਾਲ਼ ਪੀਆਰਟੀਸੀ ਦੀ ਰੋਜ਼ਾਨਾ ਆਮਦਨੀ ਵਿਚ ਕਰੀਬ ਦੋ ਲੱਖ ਰੁਪਏ ਰੋਜ਼ਾਨਾ ਦਾ ਇਜ਼ਾਫਾ ਹੋ ਗਿਆ ਹੈ। ਇਸ ਤਰ੍ਹਾਂ ਸਿਰਫ਼ ਦੋ ਪੈਸੇ ਦੇ ਵਾਧੇ ਨਾਲ਼ ਪੀਆਰਟੀਸੀ ਨੂੰ ਦੋ ਲੱਖ ਰੁਪਏ ਰੋਜ਼ਾਨਾ ਦੇ ਵਾਧੇ ਤਹਿਤ, ਮਹੀਨੇ ਦੀ 60 ਲੱਖ ਅਤੇ ਸਾਲ ਭਰ ਦੀ 7.20 ਕਰੋੜ ਰੁਪਏ ਦੀ ਆਮਦਨੀ ਵੱਧ ਹੋਵੇਗੀ। ਇਸ ਲਿਹਾਜ਼ ਨਾਲ਼ ਇਹ ਸਾਰਾ ਵਿੱਤੀ ਬੋਝ ਲੋਕਾਂ ’ਤੇ ਹੀ ਪਾਇਆ ਗਿਆ ਹੈ।

ਬੱਸ ਕਿਰਾਏ ਵਿਚ ਦੋ ਪੈਸੇ ਕਿਲੋਮੀਟਰ ਦੇ ਵਾਧੇ ਨਾਲ਼ ਪੰਜਾਬ ਰੋਡਵੇਜ਼ ਅਤੇ ਪ੍ਰ੍ਰਾਈਵੇਟ ਬੱਸ ਕੰਪਨੀਆਂ ਨੂੰ ਹੋਣ ਵਾਲ਼ੀ ਆਮਦਨੀ ਇਸ ਤੋਂ ਵੱਖਰੀ ਹੈ। ਦੂਜੇ ਪਾਸੇ ਕਿਰਾਇਆ ਵਧਾਉਣ ਦੇ ਫੈਸਲੇ ਨੂੰ ਲੈ ਕੇ ਵੱਖ ਵੱਖ ਧਿਰਾਂ ਨੇ ਸਰਕਾਰ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ ਹੈ।