ਜਾਣੋ ਕਦੋਂ ਲੱਗਣਗੇ ਚੰਡੀਗੜ੍ਹ ਦੇ ਘਰਾਂ 'ਚ ਸਮਾਰਟ ਮੀਟਰ, ਪੜ੍ਹੋ ਪੂਰੀ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਪ੍ਰਸ਼ਾਸਨ ਦਾ ਫ਼ਾਈਲਾਂ 'ਚ ਰੁਲਦਾ ਪਾਇਲਟ ਪ੍ਰਾਜੈਕਟ ਛੇਤੀ ਹੋਵੇਗਾ ਸ਼ੁਰੂ

Photo

ਚੰਡੀਗੜ੍ਹ (ਸਰਬਜੀਤ ਢਿੱਲੋਂ) : ਯੂ.ਟੀ. ਪ੍ਰਸ਼ਾਸਨ ਚੰਡੀਗੜ੍ਰ ਬਿਜਲੀ ਵਿਭਾਗ ਸ਼ਹਿਰ 'ਚ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਸਮਾਰਟ ਮੀਟਰ ਛੇਤੀ ਹੀ ਲਾਉਣ ਜਾ ਰਿਹਾ ਹੈ। ਵਿਭਾਗ ਦੇ ਸੂਤਰਾਂ ਅਨੁਸਾਰ ਸ਼ਹਿਰ 'ਚ ਬਿਜਲੀ ਦੀ ਸਪਲਾਈ ਵਿਵਸਥਾ 'ਚ ਸੁਧਾਰ ਆਦਿ ਕਰਨ ਲਈ ਜੂਨ 2020 ਤਕ 25000 ਘਰਾਂ 'ਚੋਂ ਪੁਰਾਣੇ ਮੀਟਰ ਉਤਾਰ ਕੇ ਨਵੇਂ ਸਮਾਰਟ ਮੀਟਰ ਲਾਏ ਜਾਣਗੇ।

ਪ੍ਰਸ਼ਾਸਨ ਵਲੋਂ ਇਹ ਪ੍ਰਾਜੈਕਟ ਪਾਇਲਟ ਵਜੋਂ ਤਿਆਰ ਕੀਤਾ ਜਾ ਰਿਹਾ ਹੈ, ਜਿਥੇ 260 ਕਰੋੜ ਰੁਪਏ ਦੇ ਖ਼ਰਚ ਹੋਣ ਦੀ ਸੰਭਾਵਨਾ ਦਸੀ ਜਾਂਦੀ ਹੈ। ਪ੍ਰਸ਼ਾਸਨ ਵਲੋਂ ਇਨ੍ਹਾਂ ਸਮਾਰਟ ਮੀਟਰਾਂ ਲਈ ਸੱਭ ਤੋਂ ਪਹਿਲਾਂ ਉਦਯੋਗਿਕ ਖੇਤਰ 1, 47, 29, 30 ਆਦਿ ਨੂੰ ਚੁਣਿਆ ਗਿਆ ਹੈ। ਬਾਅਦ 'ਚ ਹੋਰ ਸੈਕਟਰਾਂ 'ਚ ਮੀਟਰ ਲਗਣਗੇ।

ਚੰਡੀਗੜ੍ਹ ਪ੍ਰਸ਼ਾਸਨ ਦੇ ਬਿਜਲੀ ਵਿਭਾਗ ਦੇ ਸੁਪਰਡੈਂਟ ਇੰਜੀਨੀਅਰ ਸੀ.ਡੀ. ਸਾਂਗਵਾਨ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਸਿਆ ਕਿ ਇਨ੍ਹਾਂ ਸਮਾਰਟ ਮੀਟਰਾਂ ਦੇ ਲਗ ਜਾਣ ਨਾਲ ਇਨ੍ਹਾਂ ਦਾ ਸਿੱਧਾ ਲਿੰਕ ਕੰਟਰੋਲ ਰੂਮਾਂ ਨਾਲ ਜੁੜੇਗਾ, ਜਿਥੇ ਉਪਭੋਗਤਾ ਦੇ ਮੀਟਰਾਂ ਨਾਲ ਜੁੜ ਜਾਵੇਗਾ। ਜੇਕਰ ਕੋਈ ਮੀਟਰਾਂ ਨਾਲ ਛੇੜਛਾੜ ਕਰੇਗਾ ਉਸਦਾ ਤੁਰਤ ਕੰਟਰੋਲ ਰੂਮ 'ਚ ਪਤਾ ਲਗ ਜਾਵੇਗਾ।

ਫਿਰ ਬਿਜਲੀ ਚੋਰੀ ਆਦਿ ਵੀ ਰੁਕ ਸਕੇਗੀ। ਵਿਭਾਗ ਨੂੰ ਆਟੋ ਮੈਟਿਕ ਪੱਖਾਂ 'ਤੇ ਪਤਾ ਲਗੇਗਾ ਕਿ ਬਿਜਲੀ ਦੀ ਸਪਲਾਈ ਕਿਥੇ ਕਿਥੇ ਬੰਦ ਪਈ ਹੈ ਜਾਂ ਨਿਰੰਤਰ ਚਲ ਰਹੀ ਹੈ। ਵਿਭਾਗ ਦਾ ਇਹ ਪ੍ਰਾਜੈਕਟ ਪਿਛਲੇ 3 ਸਾਲਾਂ ਤੋਂ ਫ਼ਾਈਲਾਂ ਵਿਚ ਚਲ ਰਿਹਾ ਸੀ। ਜ਼ਿਕਰਯੋਗ ਹੈ ਕਿ ਉਦਯੋਗਿਕ ਖੇਤਰ 'ਚ ਬਿਜਲੀ ਦੀ ਸਪਲਾਈ 'ਚ ਭਾਰੀ ਖ਼ਰਾਬੀ ਪਈ ਰਹਿੰਦੀ ਹੈ, ਉਥੇ ਬਿਜਲੀ ਚੋਰੀ ਵੀ ਜ਼ਿਆਦਾ ਹੁੰਦੀ ਹੈ।

ਵਿਭਾਗ ਵਲੋਂ ਸੈਕਟਰ 18 'ਚ ਸਮਾਰਟ ਮੀਟਰ ਲਾਉਣ ਲਈ ਸਬ ਦਫ਼ਤਰ ਵੀ ਖੋਲ੍ਹਿਆ ਜਾ ਰਿਹਾ ਹੈ। ਇਸ ਦੌਰਾਨ ਚੰਡੀਗੜ੍ਹ ਸ਼ਹਿਰ 'ਚ ਬਿਜਲੀ ਦੀ ਸਪਲਾਈ ਲਈ 24 ਘੰਟੇ ਅਪਡੇਟ ਹੋ ਸਕੇਗਾ। ਦਸਣਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਕੋਲ ਬਿਜਲੀ ਤਿਆਰ ਕਰਨ ਵਾਲਾ ਕੋਈ ਪਾਵਰ ਪਲਾਂਟ ਨਹੀਂ ਹੈ, ਸਗੋਂ ਸ਼ਹਿਰ 2 ਲੱਖ ਖਪਤਾਕਾਰਾਂ ਉਦਯੋਗਿਕ ਤੇ ਘਰੇਲੂ ਆਦਿ ਨੂੰ ਬਾਹਰਲੇ ਸੂਬਿਆਂ ਤੋਂ ਬਿਜਲੀ ਪ੍ਰਤੀ ਯੂਨਿਟ ਖਰੀਦ ਕੇ ਸਪਲਾਈ ਕੀਤੀ ਜਾਂਦੀ ਹੈ।