6 ਸਾਲ ਪਹਿਲਾਂ ਕੁੱਤੇ ਨੇ 4 ਲੋਕਾਂ 'ਤੇ ਕੀਤਾ ਸੀ ਹਮਲਾ, ਹੁਣ ਮਾਲਕ ਦੇਵੇਗਾ 'ਹਿਸਾਬ'!

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ ਸੁਣਾਈ ਇਕ ਸਾਲ ਦੀ ਸਜ਼ਾ ਤੇ ਜੁਰਮਾਨਾ

file photo

ਅਹਿਮਦਾਬਾਦ : ਆਮ ਤੌਰ 'ਤੇ ਕੁੱਤੇ ਨੂੰ ਇਨਸਾਨ ਦਾ ਵਫ਼ਾਦਾਰ ਮੰਨਿਆ ਜਾਂਦਾ ਹੈ। ਪਰ ਜਦੋਂ ਇਹ ਜਾਨਵਰ ਖਫ਼ਾ ਹੋ ਕੇ ਇਨਸਾਨਾਂ ਨੂੰ ਹੀ ਕੱਟਣ ਲੱਗ ਜਾਵੇ ਤਾਂ ਮਾਮਲਾ ਗੰਭੀਰ ਹੋ ਜਾਂਦਾ ਹੈ। ਖ਼ਾਸ ਕਰ ਕੇ ਵਿਦੇਸ਼ੀ ਨਸਲ ਦੇ ਕੁੱਤੇ ਜਦੋਂ ਆਪੇ ਤੋਂ ਬਾਹਰ ਹੋ ਜਾਣ ਤਾਂ ਉਹ ਕਿਸੇ 'ਤੇ ਵੀ ਭਾਰੀ ਪੈ ਸਕਦੇ ਹਨ। ਅਜਿਹੇ ਹੀ ਇਕ ਮਾਮਲੇ 'ਚ ਇਕ ਕੁੱਤੇ ਵਲੋਂ ਗੁਆਢੀਆਂ ਨੂੰ ਕੱਟਣ ਦੀ ਘਟਨਾ 'ਚ ਉਸ ਦੇ ਮਾਲਕ ਨੂੰ ਹੁਣ 6 ਸਾਲ ਬਾਅਦ ਜੇਲ੍ਹ ਦੀ ਹਵਾ ਖਾਣੀ ਪਵੇਗੀ।

ਇਹ ਮਾਮਲਾ ਗੁਜਰਾਤ ਦਾ ਹੈ ਜਿੱਥੇ ਇਕ ਡਾਬਰਮੈਨ ਨਸਲ ਦੇ ਕੁੱਤੇ ਨੇ ਅਪਣੇ ਗੁਆਂਢ 'ਚ ਰਹਿੰਦੇ ਚਾਰ ਲੋਕਾਂ 'ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿਤਾ ਸੀ। ਇਹ ਘਟਨਾਵਾਂ ਸਾਲ 2012 ਤੋਂ 2014 ਦਰਮਿਆਨ ਵਾਪਰੀਆਂ ਸਨ। ਇਸ ਮਾਮਲੇ 'ਚ ਕੁੱਤੇ ਦੇ ਮਾਲਕ ਨੂੰ ਸਜ਼ਾ ਹੁਣ 6 ਸਾਲ ਬਾਅਦ ਸੁਣਾਈ ਗਈ ਹੈ।

ਜਾਣਕਾਰੀ ਅਨੁਸਾਰ ਅਹਿਮਦਾਬਾਦ ਜ਼ਿਲ੍ਹੇ ਦੇ ਗੌੜਸਰ ਦੇ ਰਹਿਣ ਵਾਲੇ ਭਾਰੇਸ਼ ਪਾਂਡੇ ਨਾਂ ਦੇ ਵਿਅਕਤੀ ਨੇ ਸ਼ਕਤੀ ਨਾਂ ਦਾ ਡਾਬਰਮੈਨ ਨਸਲ ਦਾ ਕੁੱਤਾ ਪਾਲਿਆ ਹੋਇਆ ਸੀ। ਇਸ ਕੁੱਤੇ ਨੇ 3 ਬੱਚਿਆਂ ਨੂੰ ਕੱਟ ਕੇ ਜ਼ਖ਼ਮੀ ਕਰ ਦਿਤਾ ਸੀ।

ਕੁੱਤੇ ਦੇ ਹਮਲੇ 'ਚ ਪਾਂਡੇ ਦਾ ਗੁਆਢੀ ਅਵਿਨਾਸ਼ ਪਟੇਲ ਵੀ ਗੰਭੀਰ ਜ਼ਖ਼ਮੀ ਰੂਪ 'ਚ ਹੋ ਗਿਆ ਸੀ। ਕੁੱਤੇ ਦੇ ਹਮਲੇ ਤੋਂ ਬਾਅਦ ਭੱਜਦੇ ਸਮੇਂ ਉਸ ਦੀਆਂ ਡਿੱਗਣ ਕਾਰਨ ਹੱਡੀਆਂ ਤਕ ਟੁਟ ਗਈਆਂ ਸਨ। ਪਟੇਲ ਨੇ ਸਾਲ 2014 ਵਿਚ ਕੁੱਤੇ ਦੇ ਮਾਲਕ ਪਾਂਡੇ ਖਿਲਾਫ਼ ਐਫ.ਆਈ.ਆਰ. ਦਰਜ ਕਰਵਾਈ ਸੀ।

ਇਸ ਦਾ ਕੇਸ ਵਧੀਕ ਚੀਫ਼ ਮੈਟਰੋਪੋਲੀਲਨ ਮੈਜਿਸਟ੍ਰੇਟ ਯੂ.ਐਨ. ਸਿੰਧੀ ਦੀ ਅਦਾਲਤ 'ਚ ਚੱਲਿਆ। ਅਦਾਲਤ ਨੇ ਸੁਣਵਾਈ ਦੌਰਾਨ ਕੁੱਤੇ ਦੇ ਮਾਲਕ ਪਾਂਡੇ ਨੂੰ ਦੋਸ਼ੀ ਠਹਿਰਾਉਂਦਿਆਂ ਉਸ ਨੂੰ ਇਕ ਸਾਲ ਦੀ ਕੈਦ ਤੇ 1500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਅਦਾਲਤ ਨੇ ਕਿਹਾ ਕਿ ਭਾਵੇਂ ਪਾਂਡੇ ਲੋਕਾਂ ਨੂੰ ਸਿੱਧੇ ਤੌਰ 'ਤੇ ਜ਼ਖ਼ਮੀ ਕਰਨ ਲਈ ਜ਼ਿੰਮੇਵਾਰ ਨਹੀਂ ਹੈ, ਪਰ ਉਸ ਨੇ ਅਪਣੇ ਕੁੱਤੇ ਨੂੰ ਖੁਲ੍ਹਾ ਛੱਡਿਆ, ਜਿਸ ਕਾਰਨ 4 ਲੋਕ ਜ਼ਖ਼ਮੀ ਹੋ ਗਏ, ਜਿਹੜਾ ਕਿ ਲਾਪ੍ਰਵਾਹੀ ਵਾਲਾ ਕਦਮ ਮੰਨਿਆ ਜਾਵੇਗਾ।