ਜੇ ਅੱਜ ਅਸੀਂ ਨਾ ਲੜੇ ਤਾਂ ਸਾਡਾ ਹਾਲ ਵੀ ਕਸ਼ਮੀਰ ਵਾਲਾ ਹੋਵੇਗਾ: ਲੱਖਾ ਸਿਧਾਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

26 ਜਨਵਰੀ ਤੋਂ ਪਹਿਲਾਂ ਹੀ 20 ਜਨਵਰੀ ਤੱਕ ਹੀ ਟਰੈਕਟਰ ਲੈ ਪੁੱਜੋ ਦਿੱਲੀ: ਸਿਧਾਣਾ

Lakha

ਨਵੀਂ ਦਿੱਲੀ: ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਬਾਰਡਰਾਂ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗਾਂ ‘ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਪਰ ਸਾਰੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਸਨ। ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਨੂੰ ਸਪੱਸ਼ਟ ਕਿਹਾ ਗਿਆ ਹੈ ਕਿ ਜਦੋਂ ਤੱਕ ਇਹ ਕਿਸਾਨ ਵਿਰੋਧੀ ਖੇਤੀ ਬਿਲ ਰੱਦ ਨਹੀਂ ਹੁੰਦੇ ਉਦੋਂ ਤੱਕ ਅਸੀਂ ਧਰਨਾ ਪ੍ਰਦਸ਼ਨ ਜਾਰੀ ਰੱਖਾਂਗੇ।

ਕਿਸਾਨ ਜਥੇਬੰਦੀਆਂ ਨੂੰ ਹੁਣ ਮੀਟਿੰਗ ਲਈ 15 ਜਨਵਰੀ ਦਿੱਤੀ ਗਈ ਹੈ ਪਰ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਟ੍ਰੈਕਟਰ ਪਰੇਡ ਬਾਰੇ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਿਆ ਹੈ। 15 ਤਰੀਕ ਨੂੰ ਹੋਣ ਵਾਲੀ ਮੀਟਿੰਗ ਜੇਕਰ ਬੇਸਿੱਟਾ ਰਹਿੰਦੀ ਹੈ ਤਾਂ ਕਿਸਾਨਾਂ ਵੱਲੋਂ ਦਿੱਲੀ ‘ਚ 6 ਤੋਂ 7 ਲੱਖ ਟਰੈਕਟਰ ਦਾਖਲ ਕਰਨ ਦੀ ਧਮਕੀ ਦਿੱਤੀ ਗਈ ਹੈ। ਕਿਸਾਨ ਅੰਦੋਲਨ ‘ਚ ਗਾਇਕ, ਸਮਾਜਸੇਵੀ, ਉੱਘੇ ਬੁੱਧੀਜੀਵੀ ਲੋਕ ਵੀ ਧਰਨਾ ਪ੍ਰਦਰਸ਼ਨ ਵਿਚ ਸਟੇਜ ‘ਤੇ ਪਹੁੰਚੇ ਜਿੱਥੇ ਅੱਜ ਲੱਖਾ ਸਿਧਾਣਾ ਵੀ ਪਹੁੰਚੇ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਿਚ ਪੰਜਾਬ, ਹਰਿਆਣਾ, ਯੂਪੀ, ਅਤੇ ਹੋਰ ਕਈ ਸੂਬੇ ਆਪਣੇ ਹੱਕਾਂ ਲਈ ਇਸ ਜ਼ਾਲਮ ਸਰਕਾਰ ਵਿਰੁੱਧ ਲੜਾਈ ਲੜ ਰਹੇ ਹਨ, ਇਹ ਅੰਦੋਲਨ ਬਹੁਤ ਵੱਡਾ ਅੰਦੋਲਨ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਡੇ ਨਾਲ ਕਈਂ ਵਾਰ ਮੀਟਿੰਗਾਂ ਕਰ ਚੁੱਕੀ ਹੈ, ਸਰਕਾਰ ਦਾ ਵਤੀਰਾ ਕਿਸਾਨਾਂ ਪ੍ਰਤੀ ਠੀਕ ਨਹੀਂ ਹੈ ਪਰ ਲੜਾਈ ਲੜਨ ਦਾ ਸਵਾਦ ਤਾਂ ਉਦੋਂ ਹੀ ਆਉਂਦਾ ਜਦੋਂ ਦੁਸ਼ਮਣ ਮਜ਼ਬੂਤ ਹੋਵੇ ਤੇ ਬਰਾਬਰ ਦਾ ਹੋਵੇ।

ਲੱਖਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ 6-7 ਸਾਲ ਤੋਂ ਜਿੰਨੇ ਵੀ ਕਾਨੂੰਨ ਬਣਾਏ ਹਨ ਉਨ੍ਹਾਂ ਤੋਂ ਇਹ ਪਿੱਛੇ ਨਹੀਂ ਹਟੇ ਪਰ ਸਾਡਾ ਵੀ ਪਿਛਲੇ 550 ਸਾਲ ਦਾ ਇਤਿਹਾਸ ਹੈ ਕਿ ਜਦੋਂ ਵੀ ਅਸੀਂ ਕਦਮ ਅੱਗੇ ਵੱਲ ਪੁੱਟਿਆ ਤਾਂ ਕਦਮ ਪਿੱਛੇ ਨਹੀਂ ਮੋੜਿਆ। ਲੱਖਾ ਨੇ ਕਿਸਾਨਾ ਨੂੰ ਕਿਹਾ ਕਿ 26 ਜਨਵਰੀ ਤੋਂ ਪਹਿਲਾਂ ਆਪਣੇ ਸਾਰੇ ਕੰਮਾਂ ਤੋਂ ਵਹਿਲੇ ਹੋ ਕੇ 5 ਦਿਨ ਪਹਿਲਾਂ ਹੀ ਦਿੱਲੀ ਵਿਚ ਪੁੱਜੋ ਤਾਂ ਜੋ ਜ਼ਾਲਮ ਸਰਕਾਰ ਕੋਈ ਸਾਡੇ ਉੱਤੇ ਕੋਈ ਪਾਬੰਦੀ ਨਾ ਲਗਾ ਸਕੇ।

ਲੱਖਾ ਨੇ ਲੋਕਾਂ ਨੂੰ ਕਿਹਾਕਿ 26 ਜਨਵਰੀ ਨੂੰ ਦਿੱਲੀ ਵਿਚ 5 ਤੋਂ 6 ਲੱਖ ਟਰੈਕਟਰ ਲੈ ਕੇ ਕੂਚ ਕਰਨਾ ਹੈ। ਇਸ ਦੌਰਾਨ ਸਿਧਾਣਾ ਨੇ ਕਿਹਾ ਕਿ ਜੇ ਅੱਜ ਅਸੀਂ ਆਪਣੇ ਘਰਾਂ ਦੇ ਵਿਚ ਬੈਠੇ ਰਹਿ ਗਏ ਤਾਂ ਸਾਰੀ ਜ਼ਿੰਦਗੀ ਹੀ ਘਰਾਂ ਵਿਚ ਬੈਠੇ ਰਹਿ ਜਾਵਾਂਗੇ। ਇਸ ਦੌਰਾਨ ਲੱਖਾ ਸਿਧਾਣਾ ਨੇ ਲੋਕਾਂ ਨੂੰ ਇੱਕ ਕਿਸਾਨੀ ਲਈ ਨਾਅਰਾ ਲਗਾਉਣ ਲਈ ਕਿਹਾ, “ਤੁਰਾਂਗੇ ਜੁੜਾਂਗੇ, ਲੜਾਂਗੇ ਜਿੱਤਾਂਗੇ”।