ਜ਼ਹਿਰੀਲੀ ਸ਼ਰਾਬ ਪੀਣ ਨਾਲ ਯੂਪੀ ਤੇ ਉਤਰਾਖੰਡ 'ਚ ਹੁਣ ਤੱਕ 92 ਮੌਤਾਂ
ਸਹਾਰਨਪੁਰ ਦੇ ਡਿਪਟੀ ਕਮਿਸ਼ਨਰ ਆਲੋਕ ਕੁਮਾਰ ਪਾਂਡੇ ਨੇ ਦੱਸਿਆ ਕਿ ਹੁਣ ਵੀ ਬਹੁਤ ਸਾਰੇ ਲੋਕ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ।
ਬਿਹਾਰ : ਉਤਰ ਪ੍ਰਦੇਸ਼ ਅਤੇ ਉਤਰਾਖੰਡ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦਾ ਅੰਕੜਾ 92 ਹੋ ਗਿਆ ਹੈ। ਸਹਾਰਨਪੁਰ ਦੇ ਡਿਪਟੀ ਕਮਿਸ਼ਨਰ ਆਲੋਕ ਕੁਮਾਰ ਪਾਂਡੇ ਨੇ ਦੱਸਿਆ ਕਿ ਹੁਣ ਵੀ ਬਹੁਤ ਸਾਰੇ ਲੋਕ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। ਪਾਂਡੇ ਨੇ ਕਿਹਾ ਕਿ ਪੀੜਤ ਲੋਕ ਹਰਿਦੁਆਰ ਦੇ ਬਾਲਾਪੁਰ ਪਿੰਡ ਵਿਚ ਤੇਹਰਵੀਂ ਦੀ ਰੋਟੀ ਵਿਚ ਸ਼ਾਮਲ ਹੋਏ ਸਨ। ਇਸ ਦੌਰਾਨ ਸ਼ਰਾਬ ਪੀ ਕੇ ਸਾਰੇ ਲੋਕ ਬਿਮਾਰ ਪੈ ਗਏ।
ਇਸੇ ਦੌਰਾਨ ਰਾਜ ਦੇ ਮੁੱਖ ਮੰਤਰੀ ਯੋਗੀ ਆਦਿੱਤਯਾਨਾਥ ਦੇ ਨਿਰਦੇਸ਼ਾਂ 'ਤੇ ਰਾਜ ਪੁਲਿਸ ਨੇ ਗ਼ੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਬਣਾਉਣ ਅਤੇ ਵਿਕਰੀ ਵਿਰੁਧ ਕਾਰਵਾਈ ਸ਼ੁਰੂ ਕਰ ਦਿਤੀ ਹੈ। ਬਾਂਦਾ ਸਮੇਤ ਰਾਜ ਦੇ ਵੱਖ-ਵੱਖ ਇਲਾਕਿਆਂ ਵਿਚ ਛਾਪੇ ਮਾਰੇ ਗਏ ਹਨ ਅਤੇ ਵੱਡੀ ਮਾਤਰਾ ਵਿਚ ਗ਼ੈਰ ਕਾਨੂੰਨੀ ਸ਼ਰਾਬ ਜ਼ਬਤ ਕੀਤੀ ਗਈ ਹੈ। ਬਸਤੀ ਵਿਖੇ ਵੀ 80 ਲੱਖ ਰੁਪਏ ਦੀ ਗ਼ੈਰ ਕਾਨੂੰਨੀ ਸ਼ਰਾਬ ਬਰਾਮਦ ਕੀਤੀ ਗਈ ਹੈ।
ਰੀਪੋਰਟ ਮੁਤਾਬਕ ਬਿਹਾਰ ਵਿਚ ਸ਼ਰਾਬਬੰਦੀ ਲਾਗੂ ਹੋਣ ਕਾਰਨ ਹਰਿਆਣਾ ਤੋਂ ਗ਼ੈਰ ਕਾਨੂੰਨੀ ਸ਼ਰਾਬ ਲਿਆਂਦੀ ਜਾ ਰਹੀ ਸੀ। 1600 ਸ਼ਰਾਬ ਦੀਆਂ ਪੇਟੀਆਂ ਬੰਦ ਟਰੱਕ ਵਿਚ ਤੁੜੀ ਦੇ ਢੇਰ ਵਿਚ ਲੁਕੋ ਕੇ ਲਿਆਂਦੀਆਂ ਜਾ ਰਹੀਆਂ ਸਨ। ਇਹ ਕਾਰਵਾਈ ਕਈ ਜ਼ਿਲ੍ਹਿਆਂ ਵਿਚ ਕੀਤੀ ਜਾ ਰਹੀ ਹੈ। ਬਸਤੀ, ਮਹਰਾਜਗੰਜ, ਦੇਵਬੰਦ, ਗੋਰਖਪੁਰ, ਬਾਂਦਾ, ਹਮੀਰਪੁਰ,
ਚਿੱਤਰਕੂਟ, ਗਾਜਿਆਬਾਦ, ਸਹਾਰਨਪੁਰ, ਮੇਰਠ, ਬੁਲੰਦਸ਼ਹਿਰ ਅਤੇ ਮਥੂਰਾ ਸਮੇਤ ਕਈ ਜ਼ਿਲ੍ਹਿਆਂ ਵਿਚ ਆਬਕਾਰੀ ਅਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਤਰਾਖੰਡ ਵਿਚ ਵੀ ਸ਼ਰਾਬ ਦਾ ਕਹਿਰ ਜਾਰੀ ਹੈ ਅਤੇ ਪੁਲਿਸ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਉਤਰਾਖੰਡ ਦੇ ਆਬਕਾਰੀ ਅਤੇ ਵਿੱਤਮੰਤਰੀ ਪ੍ਰਕਾਸ਼ ਪੰਤ ਨੇ ਇਸ ਘਟਨਾ ਦੀ
ਨਿਆਇਕ ਜਾਂਚ ਦੇ ਹੁਕਮ ਦੇ ਦਿਤੇ ਹਨ। ਇਸ ਦੇ ਨਾਲ ਹੀ ਹਰਿਦੁਆਰ ਜ਼ਿਲ੍ਹੇ ਵਿਚ ਆਬਕਾਰੀ ਵਿਭਾਗ ਦੇ ਲਗਭਗ ਇਕ ਦਰਜ਼ਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਹਰਿਦੁਆਰ ਵਿਚ ਹੁਣ ਵੀ 40 ਲੋਕਾਂ ਦਾ ਇਲਾਜ ਚਲ ਰਿਹਾ ਹੈ। ਰੁੜਕੀ ਦੇ ਨਾਲ ਲਗਦੇ ਇਕ ਪਿੰਡ ਵਿਚ ਜ਼ਿਆਦਾਤਰ ਮੌਤਾਂ ਹੋਈਆਂ ਹਨ।