ਕੇਂਦਰੀ ਮੰਤਰੀ ਦੀ ਸਲਾਹ : ਸੋਨੀਆ ਜੀ ਅਪਣੇ ਪੱਪੂ ਜੀ ਨੂੰ ਰਾਜਸੀ ਪਲੇਅ ਸਕੂਲ ਵਿਚ ਭੇਜਣ!

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਆਸਤ ਦੀ ਏਬੀਸੀਡੀ, ਸ਼ਾਲੀਨਤਾ ਅਤੇ ਭਾਸ਼ਾ ਦੇ ਸੰਸਕਾਰ ਸਿੱਖਣ ਦਾ ਦਿਤਾ ਸੁਝਾਅ

file photo

ਇੰਦੌਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਸੀਨੀਅਰ ਕਾਂਗਰਸ ਆਗੂ ਰਾਹੁਲ ਗਾਂਧੀ ਦੇ 'ਡੰਡਾ' ਵਾਲੇ ਵਿਵਾਦਮਈ ਬਿਆਨ ਸਬੰਧੀ ਕੇਂਦਰੀ ਘੱਟਗਿਣਤੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਵਿਅੰਗ ਕਸਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਅਪਣੇ 49 ਸਾਲਾ ਪੁੱਤਰ ਨੂੰ ਰਾਜਨੀਤਕ ਪਲੇਅ ਸਕੂਲ ਵਿਚ ਭੇਜਣਾ ਚਾਹੀਦਾ ਹੈ ਤਾਕਿ ਉਹ ਭਾਸ਼ਾ ਦੇ ਸੰਸਕਾਰ ਸਿੱਖ ਸਕੇ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, 'ਕਾਂਗਰਸ ਦੇ ਨੇਤਾ ਅਪਣੇ ਹੱਥ ਵਿਚ ਕੁਹਾੜੀ ਲੈ ਕੇ ਘੁੰਮਦੇ ਹਨ ਅਤੇ ਮੌਕਾ ਮਿਲਦਿਆਂ ਹੀ ਇਸ ਨੂੰ ਅਪਣੇ ਪੈਰ 'ਤੇ ਮਾਰ ਦਿੰਦੇ ਹਨ। ਮੈਂ ਕਾਂਗਰਸ ਦੇ ਲੋਕਾਂ ਖ਼ਾਸਕਰ ਸੋਨੀਆ ਗਾਂਧੀ ਨੂੰ ਸਲਾਹ ਦਿੰਦਾ ਹਾਂ ਕਿ ਉਹ ਅਪਣੇ ਪੱਪੂ ਜੀ ਨੂੰ ਕਿਸੇ ਰਾਜਸੀ ਪਲੇਅ ਸਕੂਲ ਵਿਚ ਭੇਜਣ ਤਾਕਿ ਉਹ ਸਿਆਸਤ ਦੀ ਏਬੀਸੀਡੀ, ਸ਼ਾਲੀਨਤਾ ਅਤੇ ਭਾਸ਼ਾ ਦੇ ਸੰਸਕਾਰ ਸਿੱਖ ਸਕਣ।'

ਉਨ੍ਹਾਂ ਰਾਹੁਲ ਦੀ ਆਲੋਚਨਾ ਕਰਦਿਆਂ ਕਿਹਾ, 'ਲੋਕਾਂ ਦੇ ਚੁਣੇ ਪ੍ਰਧਾਨ ਮੰਤਰੀ ਨੂੰ ਡੰਡਾ ਮਾਰੇ ਜਾਣ ਦੀ ਗੱਲ ਆਮ ਮਾਨਸਿਕ ਸੰਤੁਲਨ ਵਾਲਾ ਕੋਈ ਵੀ ਵਿਅਕਤੀ ਨਹੀਂ ਕਹਿ ਸਕਦਾ।'

ਦਿੱਲੀ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲਾਂ ਵਿਚ ਸੱਤਾਧਿਰ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਆਸਾਨ ਵਾਪਸੀ ਦੇ ਅਨੁਮਾਨ ਬਾਰੇ ਨਕਵੀ ਨੇ ਕਿਹਾ, 'ਅਸੀਂ ਐਗਜ਼ਿਟ ਪੋਲਾਂ ਦੇ ਰੁਝਾਨਾਂ ਬਾਰੇ ਭਲਾ ਕੀ ਟਿਪਣੀ ਕਰੀਏ? ਚੋਣ ਨਤੀਜੇ ਆਉਣ ਦਿਉ।'

ਘੱਟਗਿਣਤੀ ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੀ ਧਾਰਾ 370 ਖ਼ਤਮ ਕੀਤੇ ਜਾਣ, ਤਿੰਨ ਤਲਾਕ ਪ੍ਰਥਾ ਵਿਰੋਧੀ ਕਾਨੂੰਨ ਅਤੇ ਸੀਏਏ ਦੇ ਮੁੱਦੇ ਰਾਸ਼ਟਰ ਦੇ ਸਰੋਕਾਰਾਂ ਅਤੇ ਹਿਤਾਂ ਨਾਲ ਜੁੜੇ ਹਨ। ਇਨ੍ਹਾਂ ਮੁੱਦਿਆਂ ਨੂੰ ਮਾੜੀ ਰਾਜਨੀਤੀ ਅਤੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਆਗਾਮੀ ਨਤੀਜਿਆਂ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ।