ਕਾਂਗਰਸੀ ਆਗੂ ਵਲੋਂ ਰਿਵਾਲਵਰ ਨਾਲ ਫ਼ਾਇਰ ਕੀਤੇ ਜਾਣ ਦੀ ਵਾਇਰਲ ਹੋਈ ਵੀਡੀਓ ਨੇ ਛੇੜੀ ਚਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੜ੍ਹਬਾ ਵਿਧਾਨ ਸਭਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਅਜਾਇਬ ਸਿੰਘ ਰਟੋਲ ਵਲੋਂ ਰਿਵਾਲਵਰ ਨਾਲ ਫ਼ਾਇਰ ਕੀਤੇ ਜਾਣ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ..

File Photo

ਸੁਨਾਮ ਊਧਮ ਸਿੰਘ ਵਾਲਾ (ਦਰਸ਼ਨ ਸਿੰਘ ਚੌਹਾਨ): ਦਿੜ੍ਹਬਾ ਵਿਧਾਨ ਸਭਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਅਜਾਇਬ ਸਿੰਘ ਰਟੋਲ ਵਲੋਂ ਰਿਵਾਲਵਰ ਨਾਲ ਫ਼ਾਇਰ ਕੀਤੇ ਜਾਣ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਆਸੀ ਫ਼ਿਜ਼ਾ ਗਰਮਾ ਗਈ ਹੈ। ਵਾਇਰਲ ਹੋਈ ਵੀਡੀਓ ਵਿਚ ਕਾਂਗਰਸੀ ਆਗੂ ਰਟੋਲ ਹਵਾ ਵਿਚ ਫ਼ਾਇਰ ਕਰਦਾ ਨਜ਼ਰ  ਆ ਰਿਹਾ ਹੈ।

ਦਸਿਆ ਜਾ ਰਿਹਾ ਹੈ ਕਿ ਲੰਘੀ 25 ਜਨਵਰੀ ਨੂੰ ਕਾਂਗਰਸੀ ਆਗੂ ਵਿਧਾਨ ਸਭਾ ਹਲਕਾ ਦਿੜਬਾ ਦੇ ਇੰਚਾਰਜ਼ ਅਜੈਬ ਸਿੰਘ ਰਟੋਲ ਦੀ ਪੋਤਰੀ ਦਾ ਵਿਆਹ ਸੀ ਅਤੇ ਇਸੇ ਦਿਨ ਸ਼ਾਮ ਨੂੰ ਉਕਤ ਕਾਂਗਰਸੀ ਆਗੂ ਨੇ ਸੁਨਾਮ ਵਿਖੇ ਰਹਿੰਦੇ ਅਪਣੇ ਪੁੱਤਰ ਅਵਤਾਰ ਸਿੰਘ ਦੇ ਘਰ ਦੀ ਛੱਤ 'ਤੇ ਬੈਠ ਕੇ ਰਿਵਾਲਵਰ ਨਾਲ ਹਵਾਈ ਫਾਇਰ ਕੀਤੇ। ਉਂਜ ਰਿਵਾਲਵਰ ਲਾਇਸੰਸੀ ਦੱਸਿਆ ਜਾ ਰਿਹਾ ਹੈ।

ਉਧਰ ਸੂਬੇ ਦੀ ਹਾਕਮ ਧਿਰ ਦੇ ਆਗੂ ਅਤੇ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਇੰਚਾਰਜ਼ ਅਜੈਬ ਸਿੰਘ ਰਟੋਲ ਵਲੋਂ ਕੀਤੀ ਹਵਾਈ ਫ਼ਾਇਰਿੰਗ ਦੇ ਮਾਮਲੇ ਵਿਚ ਪੁਲਿਸ ਅਧਿਕਾਰੀ ਹਾਲ ਦੀ ਘੜੀ ਵਾਇਰਲ ਹੋਈ ਵੀਡੀਓ ਨਾ ਦੇਖੇ ਜਾਣ ਦੀ ਗੱਲ ਕਹਿ ਰਹੀ ਹੈ। ਪਰ ਥਾਣਾ ਸੁਨਾਮ ਸ਼ਹਿਰੀ ਦੇ ਮੁਖੀ ਜਤਿੰਦਰਪਾਲ ਸਿੰਘ ਨੇ ਸੰਪਰਕ ਕਰਨ 'ਤੇ ਦਸਿਆ ਕਿ ਵਾਇਰਲ ਹੋਈ ਵੀਡੀਓ ਵਿਚ ਥਾਂ ਦੀ ਲੋਕੇਸ਼ਨ ਚੈੱਕ ਕੀਤੀ ਜਾਵੇਗੀ।

ਇਸ ਸਬੰਧੀ ਜਦੋਂ ਮਾਸਟਰ ਅਜਾਇਬ ਸਿੰਘ ਰਟੋਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਗੱਲ ਕਰਨ ਤੋਂ ਟਾਲਾ ਵੱਟਦਿਆਂ ਫ਼ੋਨ ਹੀ ਕੱਟ ਦਿਤਾ। ਉਧਰ ਵਿਰੋਧੀ ਧਿਰ ਦੇ ਆਗੂ ਅਤੇ ਦਿੜ੍ਹਬਾ ਦੇ ਮੌਜੂਦਾ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਨੂੰਨ ਦੀਆਂ ਨਜ਼ਰਾਂ ਵਿਚ ਸਾਰੇ ਬਰਾਬਰ ਹਨ ਅਤੇ ਜੋ ਵੀ ਅਜਿਹੀ ਹਰਕਤ ਕਰਦਾ ਹੈ  ਉਸ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।