ਅੱਜ ਲੋਕ ਸਭਾ ‘ਚ ਕਿਸਾਨੀ ਸੰਘਰਸ਼ ਦਾ ਮੁੱਦਾ ਚੁੱਕਣਗੇ ਰਾਹੁਲ ਗਾਂਧੀ, ਭਾਰੀ ਹੰਗਾਮਾ ਹੋਣ ਦੇ ਅਸਾਰ
ਵਿਰੋਧੀ ਧਿਰ ਵੱਲੋਂ ਮੋਰਚਾ ਸੰਭਾਲਣਗੇ ਰਾਹੁਲ ਗਾਂਧੀ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਬਾਰਡਰਾਂ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕਰੀਬ 75 ਦਿਨ ਹੋ ਚੁੱਕੇ ਹਨ। ਇਸ ਦੌਰਾਨ ਸੰਸਦ ਦਾ ਬਜਟ ਇਜਲਾਸ ਜਾਰੀ ਹੈ। ਸਦਨ ਵਿਚ ਵੀ ਕਿਸਾਨੀ ਮੁੱਦੇ ‘ਤੇ ਭਾਰੀ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ।
ਇਸ ਦੇ ਚਲਦਿਆਂ ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਬੋਣਗੇ। ਇਸ ਦੌਰਾਨ ਰਾਹੁਲ ਗਾਂਧੀ ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਅਪਣੇ ਸੁਝਾਅ ਰੱਖਣਗੇ। ਅਜਿਹੇ ਵਿਚ ਸਦਨ ਦੀ ਕਾਰਵਾਈ ਦੌਰਾਨ ਭਾਰੀ ਹੰਗਾਮਾ ਹੋਣ ਦੇ ਅਸਾਰ ਹਨ। ਇਸ ਦੌਰਾਨ ਰਾਹੁਲ ਗਾਂਧੀ ਵਿਰੋਧੀ ਧਿਰ ਵੱਲੋਂ ਮੋਰਚਾ ਸੰਭਾਲਣਗੇ।
ਦੱਸ ਦਈਏ ਕਿ ਬੀਤੇ ਦਿਨ ਰਾਜ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੇ ਧਨਵਾਦ ਦੇ ਪ੍ਰਸਤਾਵ ‘ਤੇ ਵਿਚਾਰ ਵਟਾਂਦਰੇ ਦੇ ਜਵਾਬ ਦੌਰਾਨ ਸੰਕੇਤ ਦਿੱਤਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲਵੇਗੀ।
ਇਸ ਤੋਂ ਇਲਾਵਾ ਬੁੱਧਵਾਰ ਨੂੰ ਪੀਐਮ ਮੋਦੀ ਲੋਕ ਸਭਾ ਵਿਚ ਜਵਾਬ ਦੇਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਅੰਦੋਲਨ ਕਰਨਾ ਤੁਹਾਡਾ ਹੱਕ ਹੈ ਪਰ ਇੱਥੇ ਬਜ਼ੁਰਗ ਵੀ ਬੈਠੇ ਹੋਏ ਹਨ, ਉਹਨਾਂ ਨੂੰ ਵਾਪਸ ਲੈ ਜਾਓ ਅਤੇ ਅੰਦੋਲਨ ਖਤਮ ਕਰੋ।