ਕੋਰੋਨਾ ਵਾਇਰਸ ਦੇ ਚਲਦਿਆਂ ਮੋਦੀ ਦਾ ਬੰਗਲਾਦੇਸ਼ ਦੌਰਾ ਰੱਦ
ਬੰਗਲਾਦੇਸ਼ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਸ਼ੇਖ ਮੁਜੀਬੁਰ ਰਹਿਮਾਨ ਦੀ ਜਯੰਤੀ ਦਾ ਸ਼ਤਾਬਦੀ ਸਮਾਰੋਹ ਰੱਦ ਕਰ ਦਿੱਤਾ ਹੈ।
ਨਵੀਂ ਦਿੱਲੀ: ਬੰਗਲਾਦੇਸ਼ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਸ਼ੇਖ ਮੁਜੀਬੁਰ ਰਹਿਮਾਨ ਦੀ ਜਯੰਤੀ ਦਾ ਸ਼ਤਾਬਦੀ ਸਮਾਰੋਹ ਰੱਦ ਕਰ ਦਿੱਤਾ ਹੈ। ਇਸ ਸਮਾਰੋਹ ਵਿਚ ਸ਼ਿਰਕਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਾਣ ਵਾਲੇ ਸਨ ਪਰ ਉਹ ਹੁਣ ਨਹੀਂ ਜਾਣਗੇ। ਇਹ ਸ਼ਤਾਬਦੀ ਸਮਾਰੋਹ ਕੋਰੋਨਾ ਵਾਇਰਸ (COVID-19) ਦੇ ਕਾਰਨ ਰੱਦ ਕਰ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ 17 ਮਾਰਚ ਨੂੰ ਬੰਗਲਾਦੇਸ਼ ਦੌਰੇ ‘ਤੇ ਜਾਣ ਵਾਲੇ ਸਨ। ਅਬਦੁਲ ਚੌਧਰੀ ਨੇ ਹਸੀਨਾ ਸਰਕਾਰ ਦੇ ਫੈਸਲੇ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ।ਇਸ ਬਾਰੇ ਚੌਧਰੀ ਨੇ ਕਿਹਾ ਕਿ COVID-19 ਨਾਲ ਸਬੰਧਿਤ ਸਿਹਤ ਘਟਨਾਵਾਂ ਨੂੰ ਦੇਖਦੇ ਹੋਏ ਜਨਮ ਸ਼ਤਾਬਦੀ ਸਮਾਰੋਹ ਜਾਂ ਤਾ ਮੁਲਤਵੀ ਕੀਤੇ ਜਾ ਰਹੇ ਹਨ ਜਾਂ ਉਹਨਾਂ ਦਾ ਘੇਰਾ ਘੱਟ ਕੀਤਾ ਜਾ ਰਿਹਾ ਹੈ।
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਬਿਨਾ ਕਿਸੇ ਜਨਤਕ ਸਭਾ ਦੇ ਸਮਾਰੋਹ ਦਾ ਉਦਘਾਟਨ ਕਰੇਗੀ। ਅਧਿਕਾਰੀਆਂ ਨੇ ਕਿਹਾ ਕਿ ਬੰਗਲਾਦੇਸ਼ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ ਦੋ ਲੋਕ ਇਟਲੀ ਤੋਂ ਆਏ ਸਨ ਅਤੇ ਉਹਨਾਂ ਦੇ ਸੰਪਰਕ ਵਿਚ ਆ ਕੇ ਤੀਜਾ ਵਿਅਕਤੀ ਵੀ ਪੀੜਤ ਹੋ ਗਿਆ।
ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਹੁਣ ਤੱਕ ਦੁਨੀਆ ਵਿਚ ਕੋਰੋਨਾ ਵਾਇਰਸ ਨਿਮੋਨੀਆ ਦੇ ਇਕ ਲੱਖ ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ।
ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ 7 ਮਾਰਚ ਨੂੰ 10 ਵਜੇ ਤੱਕ ਵਿਸ਼ਵ ਵਿਚ ਕੋਰੋਨਾ ਵਾਇਰਸ ਦੇ 1 ਲੱਖ 1 ਹਜ਼ਾਰ 927 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਅਤੇ 3486 ਦੀ ਮੌਤ ਹੋ ਗਈ ਹੈ। ਬਿਆਨ ਅਨੁਸਾਰ ਚੀਨ ਅਤੇ ਹੋਰ ਦੇਸ਼ਾਂ ਦੇ ਤਜ਼ੁਰਬੇ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕੁਝ ਤਰੀਕਿਆਂ ਦੀ ਵਰਤੋਂ ਨਾਲ ਕੋਰੋਨਾ ਦੇ ਕਹਿਰ ਨੂੰ ਘੱਟ ਕੀਤਾ ਜਾ ਸਕਦਾ ਹੈ।