ਰਾਜੀਵ ਵੇਲੇ ਦੂਰਸੰਚਾਰ ਕ੍ਰਾਂਤੀ ਹੋਈ, ਰਾਹੁਲ PM ਬਣੇ ਤਾਂ ਕਈ ਕ੍ਰਾਂਤੀਆਂ ਹੋਣਗੀਆਂ : ਪਿਤਰੋਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਸੱਭ ਤੋਂ ਤੇਜ਼ੀ ਨਾਲ ਵਧਣ ਵਾਲਾ ਅਰਥਚਾਰਾ ਬਣ ਕੇ ਹੀ ਰਹੇਗਾ

Sam Pitroda & Rahul Gandhi

ਨਵੀਂ ਦਿੱਲੀ :  ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਕਰੀਬੀਆਂ ਵਿਚ ਸ਼ੁਮਾਰ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁਖੀ ਸੈਮ ਪਿਤਰੋਦਾ ਨੇ ਕਿਹਾ ਕਿ ਰਾਜੀਵ ਗਾਂਧੀ ਦੀ ਸਰਕਾਰ ਵਿਚ ਦੂਰਸੰਚਾਰ ਕ੍ਰਾਂਤੀ ਹੋਈ ਸੀ ਅਤੇ ਜੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਦੇਸ਼ ਵਿਚ ਵੱਖ ਵੱਖ ਖੇਤਰਾਂ ਵਿਚ ਕਈ ਕ੍ਰਾਂਤੀਆਂ ਹੋਣਗੀਆਂ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਗਾਂਧੀ ਦੀ ਅਗਵਾਈ ਵਿਚ ਸਰਕਾਰ ਬਣਦੀ ਹੈ ਤਾਂ ਦੇਸ਼ 10 ਫ਼ੀ ਸਦੀ ਦੀ ਵਿਕਾਸ ਦਰ ਤੋਂ ਅੱਗੇ ਵਧੇਗਾ। 

ਮੋਦੀ ਸਰਕਾਰ ਦੇ ਆਰਥਕ ਵਿਕਾਸ ਬਾਰੇ ਦਾਅਵਿਆਂ 'ਤੇ ਚੋਟ ਕਰਦਿਆਂ ਉਨ੍ਹਾਂ ਕਿਹਾ, 'ਇਹ ਲੋਕ ਅਰਥਚਾਰੇ ਨਾਲ ਜੁੜੇ ਡੇਟਾ ਨਾਲ ਛੇੜਛਾੜ ਕਰ ਰਹੇ ਹਨ। ਤੁਸੀਂ ਜ਼ਮੀਨ 'ਤੇ ਜਾ ਕੇ ਲੋਕਾਂ ਨਾਲ ਗੱਲ ਕਰੋ ਤਾਂ ਪਤਾ ਲੱਗੇਗਾ ਕਿ ਲੋਕਾਂ ਕੋਲ ਨੌਕਰੀ ਨਹੀਂ, ਲੋਕਾਂ ਦਾ ਕਾਰੋਬਾਰ ਨਹੀਂ ਚੱਲ ਰਿਹਾ।' ਉਨ੍ਹਾਂ ਕਿਹਾ, 'ਭਾਰਤ ਸੱਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਬਣ ਕੇ ਹੀ ਰਹੇਗਾ ਕਿਉਂਕਿ ਇਥੇ ਸੱਭ ਤੋਂ ਜ਼ਿਆਦਾ ਨੌਜਵਾਨ ਹਨ। ਦੂਜੇ ਦੇਸ਼ ਦੀ ਵੱਡੀ ਆਬਾਦੀ ਬਜ਼ੁਰਗ ਹੋ ਗਈ ਤਾਂ ਫਿਰ ਉਹ ਕੀ ਖ਼ਰੀਦਣਗੇ? ਹੁਣ ਪੂਰੀ ਦੁਨੀਆਂ ਵਿਚ ਬਹੁਤੀਆਂ ਥਾਵਾਂ 'ਤੇ ਬਾਜ਼ਾਰ ਨਹੀਂ ਰਿਹਾ। ਜਾਪਾਨ ਜਿਹੇ ਮੁਲਕ ਵਿਚ ਤਾਂ ਸਕੂਲ ਬੰਦ ਹੋ ਰਹੇ ਹਨ ਕਿਉਂਕਿ ਬੱਚੇ ਨਹੀਂ ਹਨ। ਸਾਡੇ ਇਥੇ ਜਿੰਨੇ ਸਕੂਲ ਬਣਾਏ ਜਾਣ, ਉਹ ਘੱਟ ਹਨ। 

ਪਿਤਰੋਦਾ ਨੇ ਕਿਹਾ, 'ਸਾਡਾ ਬਾਜ਼ਾਰ ਵੱਡਾ ਹੈ। ਅਸੀਂ ਤਾਂ ਵਿਕਾਸ ਕਰਨਾ ਹੀ ਹੈ ਪਰ ਸਾਨੂੰ ਇਹ ਵੇਖਣਾ ਪਵੇਗਾ ਕਿ ਸਾਡੀ ਵਿਕਾਸ ਦਰ ਪੰਜ ਫ਼ੀ ਸਦੀ, ਛੇ ਫ਼ੀ ਸਦੀ ਜਾਂ ਫਿਰ ਦਸ ਫ਼ੀ ਸਦੀ ਹੈ। ਮੈਂ ਚਾਹੁੰਦਾ ਹਾਂ ਕਿ ਦੇਸ਼ ਅਗਲੇ 20 ਸਾਲਾਂ ਤਕ 10 ਫ਼ੀ ਸਦੀ ਦੀ ਵਿਕਾਸ ਦਰ ਨਾਲ ਅੱਗੇ ਵਧੇ।' ਉਨ੍ਹਾਂ ਕਾਂਗਰਸ ਦੀ ਨਿਆਏ ਯੋਜਨਾ ਨੂੰ ਗੇਮਚੇਂਜਰ ਦਸਦਿਆਂ ਕਿਹਾ ਕਿ ਲੋਕ ਕਹਿ ਰਹੇ ਹਨ ਕਿ ਪੈਸਾ ਕਿਥੋਂ ਆਵੇਗਾ? ਮਨਰੇਗਾ ਸਮੇਂ ਵੀ ਇਹੋ ਸਵਾਲ ਪੁਛਿਆ ਜਾ ਰਿਹਾ ਸੀ। ਮਨਰੇਗਾ ਲਾਗੂ ਹੋਇਆ ਅਤੇ ਗ਼ਰੀਬਾਂ ਕੋਲ ਪੈਸਾ ਪੁੱਜਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮਸਲਿਆਂ ਬਾਬਤ ਕੋਈ ਕੰਮ ਨਹੀਂ ਕੀਤਾ। (ਏਜੰਸੀ)