TikTok 'ਤੇ ਪਾਬੰਦੀ ਵਿਰੁੱਧ ਪਟੀਸ਼ਨ 'ਤੇ ਸੁਪਰੀਮ ਕੋਰਟ 15 ਅਪ੍ਰੈਲ ਨੂੰ ਕਰੇਗੀ ਸੁਣਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਦਰਾਸ ਹਾਈ ਕੋਰਟ ਨੇ ਸੋਸ਼ਲ ਮੀਡੀਆ ਕ੍ਰਿਏਟਰ ਐਪ ਟਿਕ ਟੋਕ 'ਤੇ ਪਾਬੰਦੀ ਲਗਾਈ ਸੀ

TikTok

ਨਵੀਂ ਦਿੱਲੀ : ਟਿਕ ਟੋਕ ਐਪ 'ਤੇ ਪਾਬੰਦੀ ਲਗਾਉਣ ਦਾ ਮਾਮਲਾ ਹਾਈ ਕੋਰਟ ਤੋਂ ਹੁਣ ਸੁਪਰੀਮ ਕੋਰਟ ਤਕ ਪਹੁੰਚ ਗਿਆ ਹੈ। ਮਦਰਾਸ ਹਾਈ ਕੋਰਟ ਨੇ ਸੋਸ਼ਲ ਮੀਡੀਆ ਕ੍ਰਿਏਟਰ ਐਪ ਟਿਕ ਟੋਕ 'ਤੇ ਪਾਬੰਦੀ ਲਗਾ ਦਿੱਤੀ ਸੀ। ਸੁਪਰੀਮ ਕੋਰਟ 'ਚ ਮਦਰਾਸ ਹਾਈ ਕੋਰਟ ਦੇ ਇਸ ਆਦੇਸ਼ ਨੂੰ ਲੈ ਕੇ ਇਕ ਅਪੀਲ ਦਾਇਰ ਕੀਤੀ ਗਈ। ਇਸੇ ਅਪੀਲ 'ਤੇ ਹੁਣ ਸੁਪਰੀਮ ਕੋਰਟ 15 ਅਪ੍ਰੈਲ ਨੂੰ ਸੁਣਵਾਈ ਕਰੇਗਾ।

ਮਦਰਾਸ ਹਾਈ ਕੋਰਟ ਵੱਲੋਂ ਟਿਕ ਟੋਕ 'ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਕਿਹਾ ਕਿ ਇਸ 'ਤੇ ਵਿਚਾਰ ਕੀਤਾ ਜਾਵੇ। ਮੰਗਲਵਾਰ ਨੂੰ ਇਸ ਫ਼ੈਸਲੇ ਦੀ ਸੁਣਵਾਈ ਲਈ ਤਰੀਕ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਮਦਰਾਸ ਹਾਈ ਕੋਰਟ ਨੇ ਆਪਣੇ ਇਕ ਅੰਤਰਮ ਆਦੇਸ਼ 'ਚ ਕੇਂਦਰ ਸਰਕਾਰ ਤੋਂ ਇਸ ਸ਼ਾਟ ਵੀਡੀਓ ਮੇਕਿੰਗ ਐਪ ਟਿਕ ਟੋਕ 'ਤੇ ਪਾਬੰਦੀ ਲਗਾਉਣ ਦੀ ਸਲਾਹ ਦਿੱਤੀ ਸੀ। ਇੰਨਾ ਹੀ ਨਹੀਂ, ਮਦਰਾਸ ਹਾਈ ਕੋਰਟ ਦੀ ਮਦੁਰਈ ਬੈਂਚ ਨੇ ਮੀਡੀਆ ਨੂੰ 'ਟਿਕ ਟਾਕ' 'ਤੇ ਬਣਾਈ ਗਈ ਵੀਡੀਓ ਕਲਿੱਪ ਦਾ ਪ੍ਰਸਾਰਨ ਨਾ ਕਰਨ ਦਾ ਨਿਰਦੇਸ਼ ਦਿੱਤਾ ਸੀ।

ਮਦਰਾਸ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਇਸ ਚੀਨੀ ਐਪ 'ਤੇ ਪਾਬੰਦੀ ਲਗਾਉਣ ਪਿੱਛੇ ਇਕ ਵੱਡਾ ਤਰਕ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਸੀ ਕਿ ਇਹ ਚੀਨੀ ਐਪ ਭਾਰਤ 'ਚ ਚਾਈਲਡ ਪੋਰਨੋਗ੍ਰਾਫ਼ੀ ਨੂੰ ਵਧਾ ਰਿਹਾ ਹੈ। ਮਦਰਾਸ ਹਾਈ ਕੋਰਟ ਦੇ ਜੱਜ ਜਸਟਿਸ ਐਨ. ਕਿਰੂਬਾਕਰਣ ਅਤੇ ਐਸ.ਐਸ. ਸੁੰਦਰ ਨੇ ਕੇਂਦਰ ਸਰਕਾਰ ਤੋਂ 16 ਅਪ੍ਰੈਲ ਤੋਂ ਪਹਿਲਾਂ ਜਵਾਬ ਮੰਗਿਆ ਹੈ।