ਮਮਤਾ ਬੈਨਰਜੀ ਵਲੋਂ ਮੋਦੀ ਨੂੰ ਥੱਪੜ ਮਾਰਨ ਵਾਲੀ ਗੱਲ ਕਹੇ ਜਾਣ ਬਾਰੇ ਜਾਣੋ ਕੀ ਹੈ ਅਸਲ ਸੱਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀ ਨੇ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਪਾਰਟੀ ਨੂੰ ਦੱਸਿਆ ਸੀ ਤ੍ਰਿਣਮੂਲ ਤੋਲਾਬਾਜ਼ੀ ਟੈਕਸ ਪਾਰਟੀ

Mamta Banerjee

ਚੰਡੀਗੜ੍ਹ: ਪਿਛਲੇ ਦਿਨੀਂ ਦੇਸ਼ ਦੇ ਬਹੁਤੇ ਨਿਊਜ਼ ਚੈਨਲਾਂ ਨੇ ਇਕ ਖ਼ਬਰ ਨੂੰ ਬੜੇ ਹੀ ਧੂੰਆਧਾਰ ਅੰਦਾਜ਼ ਵਿਚ ਚਲਾਇਆ। ਉਨ੍ਹਾਂ ਦਾਅਵਾ ਕੀਤਾ ਕਿ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਚੋਣ ਰੈਲੀ ਵਿਚ ਕਿਹਾ ਹੈ ਕਿ ਜੇ ਮੋਦੀ ਬੰਗਾਲ ਆਏ ਤਾਂ ਮੈਂ ਉਨ੍ਹਾਂ ਨੂੰ ਥੱਪੜ ਮਾਰਾਂਗੀ।

ਆਓ ਪਤਾ ਕਰੀਏ, ਦੇਸ਼ ਦੇ ਮੁੱਢਲੇ ਨਿਊਜ਼ ਚੈਨਲਾਂ ਵਲੋਂ ਚਲਾਈ ਗਈ ਇਸ ਖ਼ਬਰ ਵਿਚ ਕਿੰਨੀ ਕੁ ਸੱਚਾਈ ਹੈ।

ਦਰਅਸਲ, ਪਿਛਲੇ ਕੁਝ ਸਮੇਂ ਤੋਂ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਜ਼ਬਰਦਸਤ ਸ਼ਬਦੀ ਜੰਗ ਛਿੜੀ ਹੋਈ ਹੈ। ਬੀਤੀ 6 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ TMC ਯਾਨੀ ਕਿ ਤ੍ਰਿਣਮੂਲ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਉਸ ਨੂੰ TTT ਯਾਨੀ ਕਿ ਤ੍ਰਿਣਮੂਲ ਤੋਲਾਬਾਜ਼ੀ ਟੈਕਸ ਪਾਰਟੀ ਕਿਹਾ। ਬੰਗਾਲੀ ਭਾਸ਼ਾ ਵਿਚ ਤੋਲਾਬਾਜ਼ੀ ਜ਼ਬਰਨ ਵਸੂਲੀ ਲਈ ਵਰਤਿਆ ਜਾਂਦਾ ਹੈ।

ਇਸ ਦੇ ਜਵਾਬ ਵਿਚ ਪੱਛਮੀ ਬੰਗਾਲ ਦੇ ਪੁਰੂਲੀਆ ਜ਼ਿਲ੍ਹੇ ਵਿਚ ਹੋ ਰਹੀ ਚੋਣ ਰੈਲੀ ਵਿਚ ਮਮਤਾ ਬੈਨਰਜੀ ਨੇ ਤੋਲਾਬਾਜ਼ ਵਾਲੀ ਟਿੱਪਣੀ ਦਾ ਜਵਾਬ ਦਿਤਾ।

ਮੇਨ ਸਟ੍ਰੀਮਜ਼ ਮੀਡੀਆ ਦੇ ਕਈ ਚੈਨਲਾਂ ਨੇ ਰਿਪੋਰਟ ਕੀਤਾ ਕਿ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਜਦੋਂ ਮੋਦੀ ਬੰਗਾਲ ਆ ਕੇ ਕਹਿੰਦੇ ਹਨ ਕਿ TMC ਲੁਟੇਰਿਆਂ ਅਤੇ ਵਸੂਲੀ ਕਰਨ ਵਾਲਿਆਂ ਨਾਲ ਭਰੀ ਪਈ ਹੈ ਤਾਂ ਉਨ੍ਹਾਂ ਨੂੰ ਥੱਪੜ ਮਾਰਨ ਦਾ ਮਨ ਕਰਦਾ ਹੈ।

ਸੱਚ ਪਤਾ ਕਰਨ ਲਈ ਜਦੋਂ ਉਕਤ ਰੈਲੀ ਵਿਚਲੇ ਮਮਤਾ ਬੈਨਰਜੀ ਵਲੋਂ ਦਿਤੇ ਗਏ ਪੂਰੇ ਬਿਆਨ ਨੂੰ ਸੁਣਿਆ ਤਾਂ ਕੁਝ ਹੋਰ ਹੀ ਤੱਥ ਸਾਹਮਣੇ ਆਇਆ। ਅਪਣੇ ਫੇਸਬੁੱਕ ਪੇਜ ਉਤੇ ਇਕ ਲਾਈਵ ਵੀਡੀਓ ਵਿਚ ਉਹ ਬੰਗਾਲੀ ਵਿਚ ਕਹਿੰਦੇ ਸੁਣੇ ਜਾ ਸਕਦੇ ਹਨ:

ਪੈਸਾ ਮੇਰੇ ਲਈ ਕੋਈ ਮਾਅਨੇ ਨਹੀਂ ਰੱਖਦਾ। ਇਸੇ ਲਈ ਜਦੋਂ ਨਰਿੰਦਰ ਮੋਦੀ ਬੰਗਾਲ ਆ ਕੇ ਮੇਰੀ ਪਾਰਟੀ ਨੂੰ ਵਸੂਲੀ ਕਰਨ ਵਾਲਿਆਂ ਦੀ ਪਾਰਟੀ ਕਹਿੰਦੇ ਹਨ ਤਾਂ ਮੇਰਾ ਮਨ ਉਨ੍ਹਾਂ ਨੂੰ ਲੋਕਤੰਤਰ ਨਾਂਅ ਦਾ ਕਰਾਰਾ ਥੱਪੜ ਮਾਰਨ ਦਾ ਕਰਦਾ ਹੈ।

ਕਿੱਥੇ ਲੋਕਤੰਤਰ ਦਾ ਕਰਾਰਾ ਥੱਪੜ ਤੇ ਕਿੱਥੇ ਮੂੰਹ ’ਤੇ ਥੱਪੜ। ਇਸੇ ਲਈ ਹਰ ਖ਼ਬਰ ਨੂੰ ਜਾਂਚੋ ਅਤੇ ਪਰਖੋ, ਸਾਵਧਾਨ ਰਹੋ ਤੇ ਸੋਚ ਸਮਝ ਕੇ ਵੋਟ ਪਾਓ।