ਮਮਤਾ ਬੈਨਰਜੀ ਦਾ ਦਾਅਵਾ, ਯੂਪੀ ਵਿਚ ਇਸ ਵਾਰ 17 ਸੀਟਾਂ ਵੀ ਨਹੀਂ ਹਾਸਿਲ ਕਰ ਸਕੇਗੀ ਬੀਜੇਪੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਨੂੰ ਲੈ ਕੇ ਮਮਤਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਭਾਜਪਾ ਹਾਰ ਰਹੀ ਹੈ ਅਤੇ ਉਸ ਨੂੰ ਉਤਰ ਪ੍ਰਦੇਸ਼ ਦੀਆਂ 80 ਸੀਟਾਂ ਵਿਚੋਂ 17 ਸੀਟਾਂ ਵੀ ਨਹੀਂ ਮਿਲਣਗੀਆਂ।

Mamata Banerjee

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਚਲਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਇਕ ਭਵਿੱਖਬਾਣੀ ਕੀਤੀ ਹੈ। ਭਾਜਪਾ ਨੂੰ ਲੈ ਕੇ ਮਮਤਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਭਾਜਪਾ ਹਾਰ ਰਹੀ ਹੈ ਅਤੇ ਉਸ ਨੂੰ ਉਤਰ ਪ੍ਰਦੇਸ਼ ਦੀਆਂ 80 ਸੀਟਾਂ ਵਿਚੋਂ 17 ਸੀਟਾਂ ਵੀ ਨਹੀਂ ਮਿਲਣਗੀਆਂ। ਉਹਨਾਂ ਕਿਹਾ ਕਿ ਕਾਂਗਰਸ ਨੂੰ ਸੱਤ ਤੋਂ ਅੱਠ ਸੀਟਾਂ ਮਿਲਣਗੀਆਂ ਅਤੇ ਮਾਇਆਵਤੀ ਅਤੇ ਅਖਿਲੇਸ਼ ਯਾਦਵ ਦਾ ਪ੍ਰਦਰਸ਼ਨ ਵਧੀਆ ਹੋਵੇਗਾ।

ਲੋਕ ਸਭਾ ਚੋਣਾਂ 2014 ਵਿਚ ਬੀਜੇਪੀ ਨੇ ਸਭ ਤੋਂ ਵੱਧ ਸੀਟਾਂ ਵਾਲੇ ਸੂਬੇ ਉਤਰ ਪ੍ਰਦੇਸ਼ ਵਿਚ 70 ਸੀਟਾਂ ਹਾਸਿਲ ਕੀਤੀਆ ਸਨ ਅਤੇ ਉਸ ਦੇ ਸਹਿਯੋਗੀ ਦਲ ਨੇ ਦੋ ਸੀਟਾਂ ਹਾਸਿਲ ਕੀਤੀਆ ਸੀ। ਤਿੰਨ ਦਹਾਕਿਆਂ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਇਕ ਪਾਰਟੀ ਨੂੰ ਪੂਰਨ ਰੂਪ ਵਿਚ ਬਹੁਮਤ ਮਿਲਿਆ ਸੀ। ਮਮਤਾ ਬੈਨਰਜੀ ਨੇ ਕਿਹਾ ਕਿ ਖੇਤਰੀ ਦਲਾਂ ਵਿਚਕਾਰ ਸਦਭਾਵਨਾ ਬਹੁਤ ਹੈ ਅਤੇ ਆਉਣ ਵਾਲੀਆਂ ਯੋਜਨਾਵਾਂ ਲਈ ਉਹਨਾਂ ਦੀ ਗੱਲਬਾਤ ਅੱਗੇ ਵਧ ਰਹੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵਿਰੋਧੀਆਂ ਨੂੰ ‘ਖਿਚੜੀ’ ਕਹਿਣ ਬਾਰੇ ਪੁੱਛੇ ਗਏ ਸਵਾਲ ‘ਤੇ ਉਹਨਾਂ ਜਵਾਬ ਦਿੱਤਾ ਕਿ ‘ਖਿਚੜੀ’ ਬਣਨ ਵਿਚ ਕੀ ਗਲਤ ਹੈ?

ਪ੍ਰਧਾਨ ਮੰਤਰੀ ਮੋਦੀ ‘ਤੇ ਸਿਆਸੀ ਭਾਸ਼ਣ ਦੇ ਪੱਧਰ ਨੂੰ ਗਿਰਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਮਮਤਾ ਨੇ ਮੋਦੀ ਨੂੰ ਕਿਹਾ ਕਿ ਉਹ ਅਪਣੀ ਭਾਸ਼ਾ ਨਾ ਬੋਲਣ। ਉਹਨਾਂ ਕਿਹਾ ਕਿ ਪੀਐਮ ਮੋਦੀ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਉਹ ਪੀਐਮ ਹਨ। ਪੀਐਮ ਮੋਦੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਮਮਤਾ ਦੇ 40 ਵਿਧਾਇਕ ਉਸਦੇ ਸੰਪਰਕ ਵਿਚ ਹਨ ਅਤੇ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨ ਹੋਣ ਤੋਂ ਬਾਅਦ ਹੀ ਉਹ ਮਮਤਾ ਦਾ ਹੱਥ ਛੱਡ ਦੇਣਗੇ।

ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਮੋਦੀ ‘ਤੇ ਹੋਰਸ ਟ੍ਰੇਡਿੰਗ ਦੇ ਇਲਜ਼ਾਮ ਲਗਾਏ ਹਨ ਅਤੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪਾਰਟੀ ਦੇ ਸੀਨੀਅਰ ਨੇਤਾ ਡੇਰੇਕ ਓ ਬ੍ਰਾਇਨ ਨੇ ਟਵੀਟ ਕਰਕੇ ਪੀਐਮ ਮੋਦੀ ਨੂੰ ਐਕਸਪਾਇਰੀ ਬਾਬੂ ਕਿਹਾ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਪੀਐਮ ਮੋਦੀ ਨਾਲ ਕੋਈ ਨਹੀਂ ਆਵੇਗਾ। ਉਹਨਾਂ ਨੇ ਪੀਐਮ ਮੋਦੀ ਨੂੰ ਕਿਹਾ ਕਿ ਉਹ ਚੋਣ ਪ੍ਰਚਾਰ ਕਰ ਰਹੇ ਹਨ ਜਾਂ ਹੋਰਸ ਟ੍ਰੇਡਿੰਗ। ਉਹਨਾਂ ਕਿਹਾ ਕਿ ਪੀਐਮ ਮੋਦੀ ਦੀ ਐਕਸਪਾਇਰੀ ਤਰੀਕ ਨੇੜੇ ਆ ਰਹੀ ਹੈ।