ਲਾਕਡਾਊਨ ਹਟਦੇ ਹੀ ਭਾਰਤ ਵਿਚ ਵਧਣਗੇ ਕੋਰੋਨਾ ਦੇ ਮਾਮਲੇ: WHO ਅਧਿਕਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਕਿਹਾ ਲਾਕਡਾਊਨ ਹਟਾਉਣ ਤੋਂ ਬਾਅਦ ਕੇਸ ਹੋਰ ਵਧਣਗੇ ਪਰ ਲੋਕਾਂ...

Coronavirus who envoy says the cases will be on peak in july end

ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀ ਡਾ. ਡੇਵਿਡ ਨਾਬਾਰੋ ਨੇ ਕਿਹਾ ਹੈ ਕਿ ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹਨ ਕਿਉਂਕਿ ਇਥੇ ਸਰਕਾਰ ਨੇ ਇਸ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਹਨ। ਇਕ ਮੀਡੀਆ ਚੈਨਲ ਵਿਚ ਵਿਸ਼ੇਸ਼ ਗੱਲਬਾਤ ਦੌਰਾਨ ਉਹਨਾਂ ਇਹ ਵੀ ਕਿਹਾ ਕਿ ਨਿਯੰਤਰਣ ਕਰਨ ਤੋਂ ਪਹਿਲਾਂ ਜੁਲਾਈ ਵਿੱਚ ਇਹ ਬਿਮਾਰੀ ਆਪਣੇ ਸਿਖਰ ‘ਤੇ ਆਵੇਗੀ।

ਉਨ੍ਹਾਂ ਕਿਹਾ ਲਾਕਡਾਊਨ ਹਟਾਉਣ ਤੋਂ ਬਾਅਦ ਕੇਸ ਹੋਰ ਵਧਣਗੇ ਪਰ ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ। ਆਉਣ ਵਾਲੇ ਮਹੀਨਿਆਂ ਵਿੱਚ ਹੋਰ ਕੇਸ ਹੋਣਗੇ ਪਰ ਉਹਨਾਂ ਵਿਚ ਸਥਿਰਤਾ ਬਣੀ ਰਹੇਗੀ। ਉਹਨਾਂ ਕਿਹਾ ਕਿ ਲਾਕਡਾਊਨ ਹਟਣ ਤੋਂ ਬਾਅਦ ਕੇਸਾਂ ਦੀ ਗਿਣਤੀ ਵਿਚ ਥੋੜਾ-ਥੋੜਾ ਵਾਧਾ ਹੋਵੇਗਾ। ਪਰ ਇਸ ਤੋਂ ਬਾਅਦ ਇਸ ਵਿਚ ਨਿਯੰਤਰਣ ਪਾ ਲਿਆ ਜਾਵੇਗਾ।

ਡਾ. ਨਾਬਾਰੋ ਨੇ ਅੱਗੇ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਜੁਲਾਈ ਦੇ ਅਖੀਰ ਤਕ ਕੇਸ ਵਧਣਗੇ ਪਰ ਹਾਲਾਤ ਸੁਧਰ ਜਾਣਗੇ। ਲਾਕਡਾਊਨ ਕਾਰਨ ਕੋਵਿਡ -19 ਫੈਲਣਾ ਬੰਦ ਹੋ ਗਿਆ ਹੈ। ਪਰ ਇਹ ਮਹਾਰਾਸ਼ਟਰ, ਗੁਜਰਾਤ, ਤਾਮਿਲਨਾਡੂ ਅਤੇ ਦਿੱਲੀ ਸਮੇਤ ਕੁਝ ਸ਼ਹਿਰੀ ਇਲਾਕਿਆਂ ਵਿਚ ਵੀ ਫੈਲਿਆ ਹੋਇਆ ਹੈ। ਪਰ ਤੁਰੰਤ ਚੁੱਕੇ ਗਏ ਕਦਮਾਂ ਨਾਲ ਭਾਰਤ ਨੇ ਇਸ ਨੂੰ ਫੈਲਣ ਨਹੀਂ ਦਿੱਤਾ।

ਜਿੱਥੇ ਆਬਾਦੀ ਦੀ ਇੰਨੀ ਘਣਤਾ ਹੈ, ਇਸ ਨੂੰ ਨਿਯੰਤਰਣ ਕਰਨਾ ਕਾਫ਼ੀ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਇਸ ਸਮੇਂ ਕੇਸਾਂ ਦੀ ਗਿਣਤੀ ਆਬਾਦੀ ਦੇ ਹਿਸਾਬ ਨਾਲ ਬਹੁਤ ਘੱਟ ਹੈ। ਡਾ: ਨਾਬਾਰੋ ਦਾ ਕਹਿਣਾ ਹੈ ਕਿ ਇਸ ਬਿਮਾਰੀ ਕਾਰਨ ਬਜ਼ੁਰਗ ਲੋਕਾਂ ਦੀਆਂ ਬਹੁਤ ਸਾਰੀਆਂ ਮੌਤਾਂ ਹੋ ਚੁੱਕੀਆਂ ਹਨ ਪਰ ਭਾਰਤ ਵਿਚ ਇਹ ਅੰਕੜਾ ਵੀ ਬਹੁਤ ਘੱਟ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਵਿਚ ਹੁਣ ਤਕ 56,000 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ 1,850 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਸ ਦਈਏ ਕਿ ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਮਹਾਰਾਸ਼ਟਰ ਪੁਲਿਸ ਨੇ ਦੱਸਿਆ ਹੈ ਕਿ ਸੂਬੇ ਵਿਚ ਹੁਣ ਤੱਕ 714 ਪੁਲਿਸ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। 61 ਪੁਲਿਸ ਕਰਮਚਾਰੀਆਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਤੇ 5 ਪੁਲਿਸ ਕਰਮਚਾਰੀਆਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।

ਸੂਬੇ ਵਿਚ ਕੁੱਲ ਪੁਲਿਸ ਐਕਟਿਵ ਮਾਮਲੇ 648 ਹਨ। ਪੁਲਿਸ ਵਿਭਾਗ ਮੁਤਾਬਕ ਲੌਕਡਾਊਨ ਦੌਰਾਨ ਪੁਲਿਸ 'ਤੇ ਹਮਲੇ ਦੀਆਂ 194 ਘਟਨਾਵਾਂ ਵਾਪਰੀਆਂ ਹਨ ਅਤੇ 689 ਲੋਕਾਂ ਨੂੰ ਇਸ ਦੇ ਲਈ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਦੱਸ ਦਈਏ ਕਿ ਦੇਸ਼ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਮਾਮਲੇ ਮਹਾਰਾਸ਼ਟਰ ਤੋਂ ਸਾਹਮਣੇ ਆਏ ਹਨ।

ਮਹਾਰਾਸ਼ਟਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਭਗ 19 ਹਜ਼ਾਰ ਹੈ। ਇੱਥੇ ਪਿਛਲੇ 24 ਘੰਟਿਆਂ ਵਿਚ 1089 ਨਵੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਮ੍ਰਿਤਕਾਂ ਦੀ ਗਿਣਤੀ ਵਿਚ 37 ਦਾ ਵਾਧਾ ਹੋਇਆ ਹੈ। ਇੱਥੇ 731 ਲੋਕ ਅਪਣੀ ਜਾਨ ਗਵਾ ਚੁੱਕੇ ਹਨ। ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਮੌਤਾਂ ਅਤੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।