ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਲਈ ਦੋਧੀ ਦਾ ਦੇਸੀ ਜੁਗਾੜ, Video ਵਾਇਰਲ
ਕੋਰੋਨਾ ਦੀ ਲਾਗ ਤੋਂ ਬਚਣ ਲਈ ਜਾਂ ਇਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਸਭ ਤੋਂ ਜ਼ਰੂਰੀ ਹੈ
ਰਾਜਸਥਾਨ - ਜੁਗਾੜ ਦੇ ਮਾਮਲੇ 'ਚ ਭਾਰਤੀ ਸਭ ਤੋਂ ਅੱਗੇ ਰਹਿੰਦੇ ਹਨ ਤੇ ਛੋਟੀ ਤੋਂ ਛੋਟੀ ਚੀਜ਼ ਨਾਲ ਵੀ ਲੋਕ ਆਪਣਾ ਵੱਡੇ ਤੋਂ ਵੱਡਾ ਕੰਮ ਸਵਾਰ ਲੈਂਦੇ ਹਨ, ਜਿਸ ਨੂੰ ਵੇਖਣ ਵਾਲੇ ਦੀਆਂ ਅੱਖਾਂ ਇਕ ਥਾਂ ਹੀ ਰੁਕ ਜਾਂਦੀਆਂ ਹਨ। ਅਜਿਹੇ ਹੀ ਇੱਕ ਜੁਗਾੜ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਰਅਸਲ ਰਾਜਸਥਾਨ ਦੇ ਜੋਧਪੁਰ ਵਾਸੀ ਸੰਜੇ ਗੋਇਲ, ਜੋ ਦੋਧੀ ਦਾ ਕੰਮ ਕਰਦੇ ਹਨ, ਉਹਨਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਲਈ ਲਗਾਇਆ ਗਿਆ ਜੁਗਾੜ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਿਹਾ ਹੈ।
ਕੋਰੋਨਾ ਦੀ ਲਾਗ ਤੋਂ ਬਚਣ ਲਈ ਜਾਂ ਇਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਸਭ ਤੋਂ ਜ਼ਰੂਰੀ ਹੈ। ਇਸੇ ਲਈ ਸੰਜੇ ਗੋਇਲ ਨੇ ਇੱਕ ਦੇਸੀ ਜੁਗਾੜ ਲਗਾਇਆ ਹੈ। ਉਹ ਗਾਹਕਾਂ ਨੂੰ ਹੁਣ ਪਾਈਪ ਰਾਹੀਂ ਦੁੱਧ ਉਹਨਾਂ ਦੇ ਭਾਂਡੇ ਵਿਚ ਪਾਉਂਦੇ ਹਨ। ਇਸ ਨਾਲ ਸਮਾਜਿਕ ਦੂਰੀ ਬਣੀ ਰਹਿੰਦੀ ਹੈ। ਸੰਜੇ ਨੇ ਆਪਣੀ ਸਾਈਕਲ 'ਤੇ ਪਾਈਪ ਲਗਾਈ ਹੋਈ ਹੈ।
ਉਹ ਲੋਕਾਂ ਨੂੰ ਦੂਰ ਖੜ੍ਹੇ ਹੋ ਕੇ ਪਾਈਪ ਦੇ ਇਕ ਸਿਰੇ 'ਚ ਦੁੱਧ ਪਾ ਦਿੰਦੇ ਹਨ ਅਤੇ ਲੋਕ ਪਾਈਪ ਦੇ ਦੂਜੇ ਸਿਰੇ ਦੇ ਥੱਲ੍ਹੇ ਭਾਂਡਾ ਲਗਾ ਕੇ ਦੁੱਧ ਪਵਾ ਲੈਂਦੇ ਹਨ। ਇਸ ਨਾਲ ਕੋਈ ਕਿਸੇ ਦੇ ਸੰਪਰਕ 'ਚ ਨਹੀਂ ਆਉਂਦਾ ਹੈ। ਜੋਧਪੁਰ ਸ਼ਹਿਰ 'ਚ ਘਰ-ਘਰ ਜਾ ਕੇ ਦੁੱਧ ਵੇਚਣ ਦਾ ਕੰਮ ਕਰਨ ਵਾਲੇ ਸੰਜੇ ਪੂਰਾ ਦਿਨ ਵੱਡੀ ਗਿਣਤੀ 'ਚ ਲੋਕਾਂ ਦੇ ਸੰਪਰਕ 'ਚ ਆਉਂਦੇ ਹਨ। ਇਸ ਕਰਕੇ ਕੋਰੋਨਾ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਸ਼ਹਿਰ 'ਚ ਪਿਛਲੇ ਦਿਨੀਂ ਕੁਝ ਥਾਵਾਂ 'ਤੇ ਦੁੱਧ ਵੇਚਣ ਵਾਲੇ ਕੋਰੋਨਾ ਪਾਜ਼ੀਟਿਵ ਦੋਧੀਆਂ ਦੇ ਸੰਪਰਕ 'ਚ ਆਏ ਲੋਕ ਵੀ ਕੋਰੋਨਾ ਦੀ ਲਪੇਟ 'ਚ ਆ ਗਏ ਸਨ ਇਸ ਲਈ ਉਸ ਨੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਲਈ ਇਹ ਜੁਗਾੜ ਲਗਾ ਲਿਆ। ਜ਼ਿਕਰਯੋਗ ਹੈ ਕਿ ਰਾਜਸਥਾਨ 'ਚ ਕੋਰੋਨਾ ਵਾਇਰਸ ਦੇ ਹੁਣ ਤਕ 3427 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 99 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1439 ਲੋਕ ਠੀਕ ਹੋਣ ਮਗਰੋਂ ਹਸਪਤਾਲ ਤੋਂ ਆਪਣੇ ਘਰ ਪਰਤ ਚੁੱਕੇ ਹਨ।