ਕੇਂਦਰ ਨੇ ਕਰਮਚਾਰੀਆਂ ਲਈ ਜਾਰੀ ਕੀਤੇ ਨਵੇਂ ਨਿਰਦੇਸ਼, ਹੁਣ ਇਹਨਾਂ ਨਿਯਮਾਂ ਦਾ ਕਰਨਾ ਹੋਵੇਗਾ ਪਾਲਣ
ਕੋਰੋਨਾ ਵਾਇਰਸ ਦਾ ਖਤਰਾ ਹਾਲੇ ਵੀ ਦੇਸ਼ 'ਤੇ ਮੰਡਰਾ ਰਿਹਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਖਤਰਾ ਹਾਲੇ ਵੀ ਦੇਸ਼ 'ਤੇ ਮੰਡਰਾ ਰਿਹਾ ਹੈ। ਇਸ ਦੇ ਚਲਦਿਆਂ ਕੇਂਦਰ ਸਰਕਾਰ ਨੇ ਅਪਣੇ ਕਰਮਚਾਰੀਆਂ ਨੂੰ ਦਫ਼ਤਰ ਆਉਣ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਨ। ਸਰਕਾਰੀ ਦਫ਼ਤਰਾਂ ਵਿਚ ਕੋਰੋਨਾ ਪਾਜ਼ੀਟਿਵ ਮਾਮਲੇ ਲਗਾਤਾਰ ਵਧਣ ਤੋਂ ਬਾ੍ਅਦ ਇਹ ਕਦਮ ਚੁਕਿਆ ਗਿਆ ਹੈ।
ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ ਵਿਚ ਹੁਣ ਸਿਰਫ ਉਹਨਾਂ ਕਰਮਚਾਰੀਆਂ ਨੂੰ ਦਫ਼ਤਰ ਆਉਣ ਨੂੰ ਕਿਹਾ ਗਿਆ ਹੈ, ਜਿਨ੍ਹਾਂ ਵਿਚ ਕੋਈ ਲੱਛਣ ਨਹੀਂ ਹੈ।
ਇਸ ਦੇ ਨਾਲ ਹੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਿਯਮ ਇਸ ਤਰ੍ਹਾਂ ਹਨ-
1. ਜੇਕਰ ਕਿਸੇ ਨੂੰ ਸਰਦੀ ਜਾਂ ਖਾਂਸੀ ਜਾਂ ਫਿਰ ਬੁਖ਼ਾਰ ਹੈ ਤਾਂ ਉਸ ਨੂੰ ਘਰ 'ਤੇ ਹੀ ਰਹਿਣ ਲਈ ਕਿਹਾ ਗਿਆ ਹੈ।
2. ਕੰਟੇਨਮੈਂਟ ਜ਼ੋਨ ਵਿਚ ਰਹਿ ਰਹੇ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਘਰ ਤੋਂ ਹੀ ਕੰਮ ਕਰਨਗੇ। ਜਦੋਂ ਤੱਕ ਕੰਟੇਨਮੈਂਟ ਜ਼ੋਨ ਹਟ ਨਹੀਂ ਜਾਂਦਾ ਉਦੋਂ ਤੱਕ ਘਰ 'ਤੇ ਹੀ ਰਹਿਣਗੇ।
3. ਇਕ ਦਿਨ ਵਿਚ 20 ਤੋਂ ਜ਼ਿਆਦਾ ਕਰਮਚਾਰੀ ਜਾਂ ਅਧਿਕਾਰੀ ਕੰਮ ਨਹੀਂ ਕਰਨਗੇ। ਇਸ ਦੇ ਲਈ ਰੋਸਟਰ ਬਣਾਇਆ ਜਾਵੇਗਾ। ਬਾਕੀ ਘਰਾਂ ਤੋਂ ਕੰਮ ਕਰਦੇ ਰਹਿਣਗੇ।
4. ਜੇਕਰ ਇਕ ਕੈਬਿਨ ਵਿਚ ਦੋ ਅਧਿਕਾਰੀ ਹਨ ਤਾਂ ਉਹ ਇਕ ਦਿਨ ਛੱਡ ਕੇ ਦਫ਼ਤਰ ਆਉਣਗੇ।
5. ਪੂਰੇ ਸਮੇਂ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ, ਜੋ ਮਾਸਕ ਨਹੀਂ ਲਗਾਉਣਗੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
6. ਸਮਾਜਕ ਦੂਰੀ ਦਾ ਪਾਲਣ ਕਰਨਾ ਹੋਵੇਗਾ।
7. ਅਧਿਕਾਰੀ ਅਪਣੇ ਕੰਪਿਊਟਰ ਆਦਿ ਦੀ ਖੁਦ ਹੀ ਸਫਾਈ ਕਰਨਗੇ।
8. ਜਿੱਥੇ ਤੱਕ ਸੰਭਵ ਹੋ ਸਕੇ ਆਹਮਣੇ-ਸਾਹਮਣੇ ਦੀ ਬੈਠਕ ਤੋਂ ਪਰਹੇਜ਼ ਕੀਤਾ ਜਾਵੇ।