ਨਿਰਭਿਆ ਕੇਸ, ਸੁਪ੍ਰੀਮ ਕੋਰਟ ਵੱਲੋਂ ਦੋਸ਼ੀਆਂ ਦੀ ਅਪੀਲ ਖ਼ਾਰਜ, ਫਾਂਸੀ ਬਰਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਿਰਭਿਆ ਸਮੂਹਕ ਬਲਾਤਕਾਰ ਅਤੇ ਕਤਲ ਦੇ ਬਹੁ ਚਰਚਿਤ ਮਾਮਲੇ ਵਿਚ ਦੋਸ਼ੀਆਂ ਦੀ ਰਿਵਿਊ ਪਟੀਸ਼ਨ ਨੂੰ ਸੁਪ੍ਰੀਮ ਕੋਰਟ ਨੇ ਖ਼ਾਰਜ ਕਰ ਦਿੱਤਾ ਹੈ। ਇਸ ਦੇ ਨਾਲ...

Nirbhaya Case

ਨਵੀਂ ਦਿੱਲੀ, ਨਿਰਭਿਆ ਸਮੂਹਕ ਬਲਾਤਕਾਰ ਅਤੇ ਕਤਲ ਦੇ ਬਹੁ ਚਰਚਿਤ ਮਾਮਲੇ ਵਿਚ ਦੋਸ਼ੀਆਂ ਦੀ ਰਿਵਿਊ ਪਟੀਸ਼ਨ ਨੂੰ ਸੁਪ੍ਰੀਮ ਕੋਰਟ ਨੇ ਖ਼ਾਰਜ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੁਪ੍ਰੀਮ ਕੋਰਟ ਨੇ ਦੋਸ਼ੀਆਂ ਦੀ ਫ਼ਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਇਸ ਤੋਂ ਪਹਿਲਾਂ ਸੁਪ੍ਰੀਮ ਕੋਰਟ ਨੇ 4 ਮਈ ਨੂੰ ਪਵਨ, ਵਿਨੇ ਅਤੇ ਮੁਕੇਸ਼ ਦੀ ਮੁੜ ਵਿਚਾਰ ਮੰਗ ਉੱਤੇ ਫੈਸਲਾ ਸੁਰੱਖਿਅਤ ਰੱਖਿਆ ਸੀ। ਦੱਸ ਦਈਏ ਕੇ ਚੌਥੇ ਦੋਸ਼ੀ ਅਕਸ਼ੇ ਨੇ ਮੁੜ ਵਿਚਾਰ ਮੰਗ ਦਾਖਲ ਨਹੀਂ ਕੀਤੀ ਸੀ। ਸੁਪ੍ਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਹੁਣ ਇਨ੍ਹਾਂ ਦੋਸ਼ੀਆਂ ਦੇ ਕੋਲ ਕਿਊਰੇਟਿਵ ਪਟੀਸ਼ਨ ਅਤੇ ਫਿਰ ਰਾਸ਼ਟਰਪਤੀ ਦੇ ਕੋਲ ਰਹਿਮ ਮੰਗ ਦਾ ਵਿਕਲਪ ਹੀ ਬਚਦਾ ਹੈ।  ਸੋਮਵਾਰ ਨੂੰ ਨਿਰਭਿਆ ਦਾ ਪਰਿਵਾਰ ਵੀ ਅਦਾਲਤ ਵਿਚ ਮੌਜੂਦ ਸੀ।

ਸੁਪ੍ਰੀਮ ਕੋਰਟ ਨੇ ਸਾਫ਼ ਕਿਹਾ ਕਿ ਰਿਵਿਊ ਲਈ ਕੋਈ ਜਗ੍ਹਾ ਨਹੀਂ ਹੈ। ਦੱਸ ਦਈਏ ਕੇ ਕੋਰਟ ਦਾ ਕਹਿਣਾ ਸੀ ਕਿ ਮੁੜ ਵਿਚਾਰ ਲਈ ਜੋ ਮੁੱਦੇ ਚੁੱਕੇ ਗਏ ਹਨ ਉਸ ਵਿਚ ਨਵਾਂ ਕੁਝ ਵੀ ਨਹੀਂ ਦਿਖਾਈ ਦਿੰਦਾ। ਆਖ਼ਿਰਕਾਰ ਕੋਰਟ ਨੇ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ। ਇਸ ਤੋਂ ਪਹਿਲਾਂ ਸੁਪ੍ਰੀਮ ਕੋਰਟ ਨੇ 5 ਮਈ 2017 ਨੂੰ ਨਿਰਭਿਆ ਕੇਸ ਵਿਚ ਚਾਰੋ ਦੋਸ਼ੀ ਮੁਕੇਸ਼, ਅਕਸ਼ਯ, ਵਿਨੇ ਅਤੇ ਪਵਨ ਨੂੰ ਦਿੱਲੀ ਹਾਈ ਕੋਰਟ ਦੁਆਰਾ ਦਿੱਤੀ ਗਈ ਫ਼ਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ।  ਸੁਪ੍ਰੀਮ ਕੋਰਟ ਨੇ ਕਿਹਾ ਸੀ ਕਿ ਇਹ ਮਾਮਲਾ ਘੱਟ ਤੋਂ ਵੀ ਘੱਟ ਦੀ ਸ਼੍ਰੇਣੀ ਵਿਚ ਆਉਂਦਾ ਹੈ। ਅਦਾਲਤ ਨੇ ਕਿਹਾ ਸੀ ਕਿ ਨਿਰਭਿਆ ਨੇ ਅਖ਼ੀਰੀ ਸਮੇਂ ਵਿਚ ਜੋ ਬਿਆਨ ਦਿੱਤਾ, ਉਹ ਬੇਹਦ ਅਹਿਮ ਅਤੇ ਪੁਖਤਾ ਗਵਾਹੀ ਹੈ।

ਇਸ ਮਾਮਲੇ ਨੇ ਸਾਰੇ ਦੇਸ਼ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ।  ਚੀਫ ਜਸਟੀਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੇਂਚ ਨੇ ਚਾਰਾਂ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਸੀ ਜਿਸ ਤੋਂ ਬਾਅਦ ਇਨ੍ਹਾਂ ਦੋਸ਼ੀਆਂ ਨੇ ਇੱਕ - ਇੱਕ ਕਰ ਕੇ ਰਿਵਿਊ ਪਟੀਸ਼ਨ ਦਾਖ਼ਲ ਕੀਤੀ। ਨਿਯਮ ਦੇ ਤਹਿਤ ਰਿਵਿਊ ਪਟੀਸ਼ਨ ਦੀ ਓਪਨ ਕੋਰਟ ਵਿਚ ਸੁਣਵਾਈ ਹੋਈ ਅਤੇ ਬਾਅਦ ਵਿਚ 4 ਮਈ 2018 ਨੂੰ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ। ਸੁਪ੍ਰੀਮ ਕੋਰਟ ਵਿਚ ਫੈਸਲੇ ਤੋਂ ਬਾਅਦ ਨਿਰਭਿਆ ਦੇ ਮਾਤਾ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਇੰਸਾਫ ਦੀ ਪੂਰੀ ਉਮੀਦ ਸੀ ਅਤੇ ਉਹ ਚਾਹੁੰਦੇ ਹਨ ਕਿ ਜਲਦੀ ਤੋਂ ਜਲਦੀ ਇਨ੍ਹਾਂ ਨੂੰ ਫ਼ਾਂਸੀ ਉੱਤੇ ਲਟਕਾਇਆ ਜਾਵੇ।