ਨਵੀਂ ਦਿੱਲੀ: ਭਾਰਤ ਤਿੱਬਤ ਸੀਮਾ ਪੁਲਿਸ ਨੇ ਨੰਦਾ ਦੇਵੀ ਈਸਟ ਦੀ ਚੋਟੀ 'ਤੇ ਚੜਾਈ ਕਰਨ ਲਈ ਗਈ 8 ਮੈਂਬਰਾਂ ਦੀ ਟੀਮ ਦੇ ਆਖਰੀ ਪਲਾਂ ਦੀ ਵੀਡੀਉ ਜਾਰੀ ਕੀਤੀ ਹੈ। ਇਹ ਟੀਮ 25 ਮਈ ਨੂੰ ਲਾਪਤਾ ਹੋਈ ਸੀ। ਇਸ ਟੀਮ ਦੇ 7 ਲੋਕਾਂ ਦੇ ਮ੍ਰਿਤਕ ਸ਼ਰੀਰ ਬਰਾਮਦ ਕੀਤੇ ਗਏ ਆਈਟੀਬੀਪੀ ਨੇ 23 ਜੂਨ ਨੂੰ ਇਹ ਸ਼ਰੀਰ ਬਰਾਮਦ ਕੀਤੇ ਸਨ। ਆਈਟੀਬੀਪੀ ਨੇ 8 ਜੁਲਾਈ ਨੂੰ ਟਵਿਟਰ 'ਤੇ ਪਰਬਤਰੋਹੀਆਂ ਦੀ ਵੀਡੀਉ ਸ਼ੇਅਰ ਕੀਤੀ ਸੀ।
ਉਸ ਮੁਤਾਬਕ ਜਿਸ ਜਗ੍ਹਾ ਤੇ ਪਰਬਤਰੋਹੀਆਂ ਦੇ ਮ੍ਰਿਤਕ ਸ਼ਰੀਰ ਮਿਲੇ ਸਨ ਉੱਥੇ ਆਈਟੀਬੀਪੀ ਦੀ ਸਰਚ ਟੀਮ ਨੂੰ ਇਕ ਮੇਮਰੀ ਵੀਡੀਉ ਡਿਵਾਇਸ ਮਿਲੀ ਹੈ। ਇਸ ਡਿਵਾਇਸ ਵਿਚਲੀਆਂ ਵੀਡੀਉ ਵਿਚ ਪਰਬਤਰੋਹੀ ਪਹਾੜ ਤੇ ਚੜਦੇ ਦਿਖਾਈ ਦੇ ਰਹੇ ਹਨ। ਪਰਬਤਰੋਹੀਆਂ ਦੇ ਸ਼ਰੀਰ ਨੂੰ ਬਰਾਮਦ ਕਰਨ ਤੋਂ ਬਾਅਦ ਆਈਟੀਬੀਪੀ ਦੇ ਡਿਪਟੀ ਇੰਸਪੈਕਟਰ ਜਨਰਲ ਏਪੀਡੀ ਨਿੰਬਾਡਿਆ ਨੇ ਦਸਿਆ ਸੀ ਕਿ ਆਈਟੀਬੀਪੀ ਦੀ ਦਸ ਮੈਂਬਰੀ ਟੀਮ ਵਿਚ ਪਿੰਡਾਰੀ ਗਲੇਸ਼ੀਅਰ ਵੱਲੋਂ ਨੰਦਾ ਦੇਵੀ ਈਸਟ ਦੀ ਪੱਛਮੀ ਚੋਟੀ ਤੇ ਬਰਫ਼ ਦੇ ਅੰਦਰ ਦੱਬੇ ਸੱਤ ਪਰਬਤਰੋਹੀਆਂ ਦੇ ਸ਼ਰੀਰ ਬਾਹਰ ਕੱਢੇ ਹਨ।
ਇਹਨਾਂ ਸ਼ਰੀਰਾਂ ਵਿਚ ਇਕ ਔਰਤ ਦਾ ਸ਼ਰੀਰ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਉਹਨਾਂ ਨੇ ਦਸਿਆ ਕਿ ਸੀ ਕਿ 8ਵੇਂ ਪਰਬਤਰੋਹੀ ਦੇ ਸ਼ਰੀਰ ਦੀ ਭਾਲ ਕੀਤੀ ਜਾ ਰਹੀ ਹੈ। ਪਰਬਤਰਾਹੀਆਂ ਦੀ ਭਾਲ ਲਈ 3 ਜੂਨ ਨੂੰ ਗਏ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰ ਨੇ ਨੰਦਾ ਦੇਵੀ ਈਸਟ ਚੋਟੀ ਕੋਲ ਸਥਿਤ ਇਕ ਅਨਾਮ ਚੋਟੀ ਤੇ 5 ਮ੍ਰਿਤਕ ਸ਼ਰੀਰ ਦੇਖੇ ਸਨ ਪਰ ਖ਼ਰਾਬ ਮੌਸਮ ਕਾਰਨ ਹੈਲੀਕਾਪਟਰ ਉਤਰ ਨਹੀਂ ਸਕਿਆ ਅਤੇ ਉਹਨਾਂ ਸ਼ਰੀਰਾਂ ਨੂੰ ਵੀ ਕੱਢ ਨਹੀਂ ਸਕਿਆ।