ਭਾਰਤ 'ਚ ਅਗਲੇ ਸਾਲ ਰੋਜ਼ਾਨਾ ਆ ਸਕਦੇ ਹਨ 2.87 ਲੱਖ ਮਾਮਲੇ: ਐਮਆਈਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਮਰੀਕੀ ਸੰਸਥਾ ਨੇ ਕਿਹਾ-2021 ਦੀਆਂ ਸਰਦੀਆਂ ਤਕ ਹਾਲਾਤ ਚਿੰਤਾਜਨਕ

Covid 19

ਨਵੀਂ ਦਿੱਲੀ: ਅਮਰੀਕਾ ਦੀ ਵੱਕਾਰੀ ਮੈਸਾਚੂਸੈਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਮਆਈਟੀ) ਦੇ ਖੋਜਕਾਰਾਂ ਦੇ ਅਧਿਐਨ ਮਾਡਲ ਮੁਤਾਬਕ ਜੇ ਕੋਵਿਡ-19 ਦਾ ਟੀਕਾ ਜਾਂ ਦਵਾਈ ਨਹੀਂ ਬਣੀ ਤਾਂ 2021 ਦੀਆਂ ਸਰਦੀਆਂ ਦੇ ਅੰਤ ਤਕ ਭਾਰਤ ਵਿਚ ਲਾਗ ਦੇ ਰੋਜ਼ਾਨਾ 2.87 ਲੱਖ ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ।

ਖੋਜਕਾਰਾਂ ਨੇ 84 ਦੇਸ਼ਾਂ ਵਿਚ ਭਰੋਸੇਮੰਦ ਜਾਂਚ ਅੰਕੜਿਆਂ ਦੇ ਆਧਾਰ 'ਤੇ ਗਤੀਸ਼ੀਲ ਮਹਾਂਮਾਰੀ ਮਾਡਲ ਤਿਆਰ ਕੀਤਾ ਹੈ। ਇਨ੍ਹਾਂ 84 ਦੇਸ਼ਾਂ ਵਿਚ ਦੁਨੀਆਂ ਦੇ 4.75 ਅਰਬ ਲੋਕ ਰਹਿੰਦੇ ਹਨ।

ਖੋਜ ਪੱਤਰ ਦੇ ਖਰੜੇ ਵਿਚ ਐਮਆਈਟੀ ਦੇ ਪ੍ਰੋਫ਼ੈਸਰ ਹਾਜ਼ਰ ਰਹਿਮਾਨਦਾਦ ਅਤੇ ਜਾਨ ਸਟਰਮੈਨ, ਪੀਐਚਡੀ ਵਿਦਿਆਰਥੀ ਸੇ ਯਾਂਗ ਲਿਮ ਨੇ ਲਾਗ ਤੋਂ ਪ੍ਰਭਾਵਤ ਸਿਖਰਲੇ 10 ਦੇਸ਼ਾਂ ਦੇ ਰੋਜ਼ਾਨਾ ਮਾਮਲਿਆਂ ਦੇ ਆਧਾਰ 'ਤੇ ਅਨੁਮਾਨ ਲਾਇਆ ਹੈ ਕਿ ਭਾਰਤ ਵਿਚ ਸਾਲ 2021 ਦੀਆਂ ਸਰਦੀਆਂ ਦੇ ਅੰਤ ਤਕ ਰੋਜ਼ਾਨਾ 2.87 ਲੱਖ ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ।

ਇਸ ਤੋਂ ਬਾਅਦ ਅਮਰੀਕਾ, ਦਖਣੀ ਅਫ਼ਰੀਕਾ, ਈਰਾਨ, ਇੰਡੋਨੇਸ਼ੀਆ, ਬ੍ਰਿਟੇਨ, ਨਾਈਜੀਰੀਆ, ਤੁਰਕੀ, ਫ਼ਰਾਂਸ ਅਤੇ ਜਰਮਨੀ ਦਾ ਸਥਾਨ ਰਹੇਗਾ। ਖੋਜਕਾਰਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਅਨੁਮਾਨ ਸੰਭਾਵੀ ਖ਼ਤਰੇ ਨੂੰ ਦਸਦਾ ਹੈ ਕਿ ਨਾਕਿ ਭਵਿੱਖ ਵਿਚ ਮਾਮਲਿਆਂ ਦੀ ਭਵਿੱਖਬਾਣੀ ਕਰਦਾ ਹੈ। ਖੋਜਕਾਰਾਂ ਨੇ ਕਿਹਾ ਕਿ ਡੂੰਘੀ ਜਾਂਚ ਅਤੇ ਪੀੜਤਾਂ ਦੇ ਸੰਪਰਕਾਂ ਨੂੰ ਘੱਟ ਕਰਨ ਨਾਲ ਭਵਿੱਖ ਵਿਚ ਮਾਮਲੇ ਵਧਣ ਦਾ ਖ਼ਤਰਾ ਘੱਟ ਹੋ ਸਕਦਾ ਹੈ

ਜਦਕਿ ਲਾਪਰਵਾਹ ਰਵਈਏ ਅਤੇ ਖ਼ਤਰੇ ਨੂੰ ਆਮ ਮੰਨਣ ਨਾਲ ਮਹਾਂਮਾਰੀ ਭਿਆਨਕ ਰੂਪ ਲੈ ਲਵੇਗੀ। ਉਨ੍ਹਾਂ ਕਿਹਾ ਕਿ 2021 ਦਾ ਅਨੁਮਾਨ ਟੀਕਾ ਨਾ ਵਿਕਸਤ ਹੋਣ ਦੀ ਹਾਲਤ 'ਤੇ ਆਧਾਰਤ ਹੈ।

ਇਸ ਮਾਡਲ ਵਿਚ 84 ਦੇਸ਼ਾਂ ਦੇ ਅੰਕੜਿਆਂ ਦੇ ਆਧਾਰ 'ਤੇ ਕਈ ਅਹਿਮ ਪ੍ਰਗਟਾਵੇ ਕੀਤੇ ਗਏ ਹਨ ਯਾਨੀ ਮਹਾਂਮਾਰੀ ਦੀ ਅਸਲ ਸਥਿਤੀ ਨੂੰ ਘਟਾ ਕੇ ਦਸਿਆ ਜਾ ਰਿਹਾ ਹੈ। ਖੋਜਕਾਰਾਂ ਮੁਤਾਬਕ 18 ਜੂਨ ਤੋਂ ਹੁਣ ਤਕ ਦੇ ਮਾਮਲਿਆਂ ਅਤੇ ਮੌਤ ਦਰ ਦੇ ਸਰਕਾਰੀ ਅੰਕੜਿਆਂ ਮੁਕਾਬਲੇ ਕ੍ਰਮਵਾਰ 11.8 ਅਤੇ 1.48 ਗੁਣਾਂ ਜ਼ਿਆਦਾ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।