ਰਾਹੁਲ ਦਾ ਮਾਸਾਹਾਰੀ ਭੋਜਨ ਕਰ ਕੇ ਮੰਦਰ ਜਾਣਾ ਗ਼ਲਤ : ਸਾਕਸ਼ੀ ਮਹਾਰਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਇਸ ਸਾਲ ਸਤੰਬਰ ਦੀ ਸ਼ੁਰੂਆਤ ਵਿਚ ਕਥਿਤ ਤੌਰ 'ਤੇ ਬਿਨਾਂ 'ਸ਼ੁਧਤਾ' ਮਾਨਸਰੋਵਰ ਯਾਤਰਾ ਕਰਨ ਬਾਰੇ ਰਾਹੁਲ ਗਾਂਧੀ........

Sakshi Maharaj

ਉਨਾਵ  : ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਇਸ ਸਾਲ ਸਤੰਬਰ ਦੀ ਸ਼ੁਰੂਆਤ ਵਿਚ ਕਥਿਤ ਤੌਰ 'ਤੇ ਬਿਨਾਂ 'ਸ਼ੁਧਤਾ' ਮਾਨਸਰੋਵਰ ਯਾਤਰਾ ਕਰਨ ਬਾਰੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਦਾ ਮਾਸਾਹਾਰੀ ਭੋਜਨ ਦਾ ਸੇਵਨ ਕਰਨ ਮਗਰੋਂ ਮੰਦਰ ਜਾਣਾ ਗ਼ਲਤ ਹੈ ਕਿਉਂਕਿ ਪੂਜਾ ਤੋਂ ਪਹਿਲਾਂ ਸ਼ੁੱਧ ਹੋਣਾ ਜ਼ਰੂਰੀ ਹੈ।  ਉਨਾਵ ਦੇ ਸੰਸਦ ਮੈਂਬਰ ਮਹਾਰਾਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਭਾਜਪਾ ਰਾਹੁਲ ਦੀ ਮਾਨਸਰੋਵਰ ਯਾਤਰਾ ਦਾ ਵਿਰੋਧ ਨਹੀਂ ਕਰ ਰਹੀ ਪਰ ਸ਼ਾਸਤਰਾਂ ਵਿਚ ਲਿਖਿਆ ਹੈ ਕਿ ਪੂਜਾ ਤੋਂ ਪਹਿਲਾਂ ਸ਼ੁੱਧ ਹੋਣਾ ਜ਼ਰੂਰੀ ਹੈ।

ਉਨ੍ਹਾਂ ਕਿਹਾ, 'ਅਸੀਂ ਉਨ੍ਹਾਂ ਦੀ ਯਾਤਰਾ ਦਾ ਵਿਰੋਧ ਨਹੀਂ ਕਰ ਰਹੇ। ਭਾਜਪਾ ਅਜਿਹਾ ਕਿਉਂ ਕਰੇਗੀ? ਪਰ ਸ਼ਾਸਤਰਾਂ ਵਿਚ ਲਿਖਿਆ ਹੈ ਕਿ ਅਜਿਹੀਆਂ ਯਾਤਰਾਵਾਂ ਲਈ ਸ਼ੁਧਤਾ ਜ਼ਰੂਰੀ ਹੈ। ਉਨ੍ਹਾਂ ਨੂੰ ਯਾਤਰਾ ਕਰਨ ਤੋਂ ਪਹਿਲਾਂ ਸ਼ੁੱਧ ਹੋਣਾ ਚਾਹੀਦਾ ਹੈ। ਬਿਨਾਂ ਸ਼ੁੱਧੀ ਕੋਈ ਮੰਦਰ ਨਹੀਂ ਜਾਂਦਾ। ਮਾਸਾਹਾਰੀ ਭੋਜਨ ਦਾ ਸੇਵਨ ਕਰਨ ਮਗਰੋਂ ਦਰਸ਼ਨ ਕਰਨਾ ਠੀਕ ਨਹੀਂ।' ਉਨ੍ਹਾਂ ਕਿਹਾ ਕਿ ਉਹ ਕਈ ਵਾਰ ਟੋਪੀ ਪਾਉਂਦੇ ਹਨ ਅਤੇ ਕਈ ਵਾਰ ਸ਼ਿਵ ਭਗਤ ਬਣ ਜਾਂਦੇ ਹਨ। ਸਾਕਸ਼ੀ ਨੇ ਰਾਹੁਲ ਨੂੰ ਚੁਨੌਤੀ ਦਿਤੀ ਕਿ ਉਹ 2019 ਦੀਆਂ ਆਮ ਚੋਣਾਂ ਉਨ੍ਹਾਂ ਵਿਰੁਧ ਲੜ ਕੇ ਵਿਖਾਉਣ।

ਉਨ੍ਹਾਂ ਕਿਹਾ, 'ਮੈਂ ਰਾਹੁਲ ਨੂੰ ਚੁਨੌਤੀ ਦਿੰਦਾ ਹਾਂ ਕਿ ਸਾਲ 2019 ਦੀਆਂ ਆਮ ਚੋਣਾਂ ਮੇਰੇ ਵਿਰੁਧ ਉਨਾਵ ਤੋਂ ਲੜਨ। ਜੇ ਉਹ ਜਿੱਤ ਗਏ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ ਪਰ ਜੇ ਉਹ ਹਾਰ ਗਏ ਤਾਂ ਉਹ ਇਟਲੀ ਚਲੇ ਜਾਣ। 'ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਜੇ ਸੈਫ਼ਈ ਵਿਚ ਭਗਵਾਨ ਵਿਸ਼ਣੂ ਦਾ ਮੰਦਰ ਬਣਵਾਉਂਦੇ ਹਨ ਤਾਂ ਉਹ ਸਵਾਗਤ ਕਰਨਗੇ। ਇਹ ਪੁੱਛੇ ਜਾਣ 'ਤੇ ਕੀ 2019 ਦੀਆਂ ਚੋਣਾਂ ਵਿਚ ਰਾਮ ਮੰਦਰ ਚੋਣ ਮੁੱਦਾ ਹੋਵੇਗਾ ਤਾਂ ਮਹਾਰਾਜ ਨੇ ਕਿਹਾ, 'ਹਾਲੇ ਮੁੱਦਾ ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ ਹੈ ਪਰ ਯੁੱਧ ਹਾਲਾਤ 'ਤੇ ਨਿਰਭਰ ਕਰਦਾ ਹੈ।  (ਏਜੰਸੀ)