ਰਖਿਆ ਮੰਤਰੀ ਹਿੰਦੂ ਹੈ, ਇਸ ਲਈ ਰਾਫ਼ੇਲ 'ਤੇ ਓਮ ਲਿਖਿਆ : ਆਚਾਰਿਆ ਪ੍ਰਮੋਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ-ਸੰਵਿਧਾਨ ਵਿਚੋਂ ਧਰਮਨਿਰਪੱਖ ਸ਼ਬਦ ਹੁਣ ਹਟਾ ਦੇਣਾ ਚਾਹੀਦੈ

Acharya Pramod Krishnam

ਨਵੀਂ ਦਿੱਲੀ : ਦੇਸ਼ ਨੂੰ ਕਲ ਰਸਮੀ ਰੂਪ ਵਿਚ ਪਹਿਲਾ ਰਾਫ਼ੇਲ ਲੜਾਕੂ ਜਹਾਜ਼ ਮਿਲ ਗਿਆ। ਫ਼ਰਾਂਸ ਪੁੱਜੇ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਉਥੇ ਪਹਿਲਾਂ ਜਹਾਜ਼ ਦੀ ਪੂਜਾ ਕੀਤੀ। ਉਨ੍ਹਾਂ ਜਹਾਜ਼ ਉਤੇ 'ਰੋਲੀ ਚੰਦਨ' ਲਾਇਆ ਅਤੇ 'ਓਮ' ਵੀ ਲਿਖਿਆ। ਇਹੋ ਨਹੀਂ, ਹਿੰਦੂ ਰਵਾਇਤ ਮੁਤਾਬਕ ਜਹਾਜ਼ ਵਿਚ ਉਡਾਨ ਭਰਨ ਤੋਂ ਪਹਿਲਾਂ ਟਾਇਰਾਂ ਹੇਠਾਂ ਨਿੰਬੂ ਵੀ ਰੱਖੇ ਗਏ। ਫਿਰ ਉਨ੍ਹਾਂ ਪਾਇਲਟ ਨਾਲ ਰਾਫ਼ੇਲ ਦੀ ਸਵਾਰੀ ਕੀਤੀ।

ਉਧਰ, ਕਾਂਗਰਸ ਦੀ ਟਿਕਟ 'ਤੇ ਲਖਨਊ ਤੋਂ ਚੋਣ ਲੜ ਚੁੱਕੇ 'ਧਰਮ ਗੁਰੂ' ਆਚਾਰਿਆ ਪ੍ਰਮੋਦ ਨੇ ਰਾਫ਼ੇਲ 'ਤੇ ਰੋਲੀ ਚੰਦਨ ਲਾ ਕੇ ਓਮ ਲਿਖਣ 'ਤੇ ਸਵਾਲ ਖੜੇ ਕਰ ਦਿਤੇ ਹਨ। ਉਨ੍ਹਾਂ ਕਿਹਾ ਕਿ ਰਖਿਆ ਮੰਤਰੀ ਹਿੰਦੂ ਹੈ, ਇਸ ਲਈ ਰਾਫ਼ੇਲ ਨੂੰ ਰੋਲੀ ਚੰਦਨ ਲਾ ਕੇ ਓਮ ਲਿਖਿਆ ਗਿਆ। ਆਚਾਰਿਆ ਪ੍ਰਮੋਦ ਨੇ ਟਵਿਟਰ 'ਤੇ ਕਿਹਾ, 'ਰਖਿਆ ਮੰਤਰੀ ਹਿੰਦੂ ਹੈ, ਇਸ ਲਈ ਜਹਾਜ਼ ਉਤੇ ਓਮ ਲਿਖਿਆ ਗਿਆ। ਜੇ ਮੰਤਰੀ ਮੁਸਲਮਾਨ ਹੁੰਦਾ ਤਾਂ ਕੀ 'ਅਜਾਨ' ਦਿੰਦੇ? ਅਜਿਹਾ ਲਗਦਾ ਹੈ ਕਿ ਹੁਣ ਸੰਵਿਧਾਨ ਵਿਚੋਂ ਸੈਕੁਲਰ ਯਾਨੀ ਧਰਮਨਿਰਪੱਖ ਸ਼ਬਦ ਹਟਾ ਦੇਣਾ ਚਾਹੀਦਾ ਹੈ।

ਉਨ੍ਹਾਂ ਦੇ ਏਨਾ ਲਿਖਣ ਦੀ ਦੇਰ ਸੀ ਕਿ ਟਵਿਟਰ ਵਰਤਣ ਵਾਲੇ ਉਨ੍ਹਾਂ ਨੂੰ ਪੈ ਨਿਕਲੇ। ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਟਿਪਣੀਆਂ ਕੀਤੀਆਂ। ਕੁੱਝ ਲੋਕਾਂ ਨੇ ਆਚਾਰਿਆਂ ਦਾ ਸਮਰਥਨ ਵੀ ਕੀਤਾ ਅਤੇ ਕਿਹਾ ਕਿ ਰਾਫ਼ੇਲ ਜਹਾਜ਼ ਵੀ ਹੁਣ ਫ਼ਿਰਕੂ ਹੋ ਗਿਆ ਹੈ। ਕਿਸੇ ਨੇ ਲਿਖਿਆ,' ਹੇ ਮੂਰਖਚਾਰਿਆ, ਸ਼ਸਤਰ ਪੂਜਾ ਹਿੰਦੂ ਤਿਉਹਾਰ ਹੈ ਤਾਂ ਹਿੰਦੂ ਤੌਰ ਤਰੀਕੇ ਨਾਲ ਹੀ ਮਨਾਇਆ ਜਾਵੇਗਾ। ਭਾਰਤੀ ਫ਼ੌਜ ਵਿਚ ਵੀ ਇਸ ਨੂੰ ਇਸੇ ਤਰੀਕੇ ਮਨਾਇਆ ਜਾਂਦਾ ਹੈ। ਜੇ ਰਖਿਆ ਮੰਤਰੀ ਮੁਸਲਮਾਨ ਹੁੰਦੇ ਤਾਂ ਵੀ ਰਾਫ਼ੇਲ ਦੀ ਸ਼ਸਤਰ ਪੂਜਾ ਕਰਦੇ ਜਾਂ ਨਹੀਂ, ਇਹ ਉਨ੍ਹਾਂ ਉਤੇ ਨਿਰਭਰ ਹੁੰਦਾ ਪਰ ਕਰਦੇ ਤਾਂ ਵੀ ਵਿਧੀ ਇਹੋ ਰਹਿੰਦੀ।'

ਇਕ ਹੋਰ ਯੂਜ਼ਰ ਨੇ ਕਿਹਾ, 'ਰਾਫ਼ੇਲ ਦੀ ਸਮਰੱਥਾ ਅਦਭੁਤ ਹੈ। ਸਿਰਫ਼ ਉਸ ਉਤੇ ਓਮ ਲਿਖ ਦੇਣ ਨਾਲ ਹੀ ਦੁਸ਼ਮਣ ਢਹਿ-ਢੇਰੀ ਹੋ ਗਿਆ ਹੈ।' ਇਕ ਹੋਰ ਵਿਅਕਤੀ ਨੇ ਲਿਖਿਆ, 'ਰਾਫ਼ੇਲ ਇੰਡੀਆ ਦਾ ਹੈ, ਹਿੰਦੂ ਦਾ ਨਹੀਂ ਹੈ। ਇਥੇ ਤੁਹਾਨੂੰ ਮਾਣ ਨਾਲ ਕਹਿਣਾ ਚਾਹੀਦਾ ਸੀ ਕਿ ਅਸੀਂ ਭਾਰਤੀ ਹਾਂ ਪਰ ਤੁਸੀਂ ਦੋਗਲੀ ਨੀਤੀ ਵਾਲੇ ਲੋਕ ਹੋ ਜਿਹੜੇ ਮਜ਼ਹਬ ਨੂੰ ਅੱਗੇ ਕਰ ਰਹੇ ਹੋ। ਤੁਹਾਡੀ ਇਸ ਸੋਚ 'ਤੇ ਦੋ ਮਿੰਟ ਦਾ ਮੌਨ ਕਰਦਾ ਹਾਂ।'