ਚੋਣ ਜਿੱਤਣਾ ਤਾਂ ਦੂਰ, ਕਾਂਗਰਸ ਆਪਣਾ ਭਵਿੱਖ ਤਕ ਨਹੀਂ ਕਰ ਸਕਦੀ ਤੈਅ : ਸਲਮਾਨ ਖੁਰਸ਼ੀਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ - ਰਾਹੁਲ ਗਾਂਧੀ ਨੇ ਆਪਣਾ ਅਹੁਦਾ ਜਲਦਬਾਜ਼ੀ 'ਚ ਛੱਡਿਆ

Congress may not be able to win Assembly Polls: Salman Khurshid

ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਨੇ ਪਾਰਟੀ ਦੇ ਭਵਿੱਖ ਬਾਰੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਬੁਧਵਾਰ ਨੂੰ ਕਿਹਾ ਕਿ ਪਾਰਟੀ ਦੀ ਮੌਜੂਦਾ ਸਥਿਤੀ ਵੇਖ ਕੇ ਦੁਖ ਅਤੇ ਚਿੰਤਾ ਹੁੰਦੀ ਹੈ। ਕਾਂਗਰਸ ਦੀ ਜੋ ਸਥਿਤੀ ਹੈ, ਉਸ 'ਚ ਮਹਾਰਾਸ਼ਟਰ ਅਤੇ ਹਰਿਆਣਾ ਚੋਣ ਜਿੱਤਣ ਦੀ ਸੰਭਾਵਨਾ ਨਹੀਂ ਹੈ। ਪਾਰਟੀ ਸੰਘਰਸ਼ ਦੇ ਦੌਰ ਤੋਂ ਗੁਜਰ ਰਹੀ ਹੈ ਅਤੇ ਆਪਣਾ ਭਵਿੱਖ ਤਕ ਤੈਅ ਨਹੀਂ ਕਰ ਸਕਦੀ। ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫ਼ੇ ਬਾਰੇ ਉਨ੍ਹਾਂ ਕਿਹਾ ਕਿ ਸਾਡੀ ਸੱਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸਾਡੇ ਆਗੂ ਨੇ ਸਾਨੂੰ ਛੱਡ ਦਿੱਤਾ।

ਲੋਕ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਰਾਹੁਲ ਨੇ ਬੀਤੀ 25 ਮਈ ਨੂੰ ਅਸਤੀਫ਼ਾ ਦੇ ਦਿੱਤਾ ਸੀ। ਕਾਂਗਰਸ 542 ਸੀਟਾਂ 'ਚੋਂ ਸਿਰਫ਼ 52 ਸੀਟਾਂ 'ਤੇ ਹੀ ਜਿੱਤ ਸਕੀ ਸੀ, ਜਦਕਿ ਭਾਜਪਾ ਨੂੰ 303 ਸੀਟਾਂ ਮਿਲੀਆਂ ਸਨ। ਸਲਮਾਨ ਖੁਰਸ਼ੀਦ ਨੇ ਕਿਹਾ, "ਮਈ 'ਚ ਮਿਲੀ ਹਾਰ ਤੋਂ ਬਾਅਦ ਰਾਹੁਲ ਨੇ ਗੁੱਸੇ 'ਚ ਆ ਕੇ ਅਸਤੀਫ਼ਾ ਦੇ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੀ ਮਾਂ ਨੂੰ ਪਾਰਟੀ ਦੀ ਕਮਾਨ ਸੰਭਾਲਣੀ ਪਈ ਸੀ। ਹੋ ਸਕਦਾ ਹੈ ਕਿ ਅਕਤੂਬਰ 'ਚ ਚੋਣਾਂ ਤੋਂ ਬਾਅਦ ਪਾਰਟੀ ਨੂੰ ਨਵਾਂ ਪ੍ਰਧਾਨ ਮਿਲ ਜਾਵੇ।" 

ਉਨ੍ਹਾਂ ਕਿਹਾ, "ਕਾਂਗਰਸ ਦੀ ਮੌਜੂਦਾ ਹਾਲਤ ਚਿੰਤਾਜਨਕ ਹੈ। ਹਾਰ ਕਾਰਨ ਪਾਰਟੀ ਅਤੇ ਜ਼ਿੰਮੇਵਾਰੀਆਂ ਤੋਂ ਵੱਖ ਹੋਣ ਨਾਲ ਹਾਲਾਤ ਜ਼ਿਆਦਾ ਮੁਸ਼ਕਲ ਹੋ ਜਾਣਗੇ। ਅੱਜ ਜੋ ਹਾਲਾਤ ਹਨ, ਉਸ ਬਾਰੇ ਚਿੰਤਨ ਦੀ ਲੋੜ ਹੈ। ਅਸੀ ਰਾਹੁਲ ਗਾਂਧੀ ਨੂੰ ਪ੍ਰਧਾਨ ਬਣੇ ਰਹਿਣ ਦੀ ਅਪੀਲ ਕੀਤੀ ਸੀ ਪਰ ਉਹ ਨਹੀਂ ਮੰਨੇ। ਇਹ ਉਨ੍ਹਾਂ ਦਾ ਨਿੱਜੀ ਫ਼ੈਸਲਾ ਸੀ ਅਤੇ ਅਸੀ ਇਸ ਦਾ ਸਨਮਾਨ ਕਰਦੇ ਹਾਂ।"

ਸਲਮਾਨ ਖੁਰਸ਼ੀਦ ਨੇ ਕਿਹਾ, "ਇੰਨੀ ਵੱਡੀ ਹਾਰ ਮਿਲਣ ਤੋਂ ਬਾਅਦ ਸ਼ਾਇਦ ਇਤਿਹਾਸ 'ਚ ਪਹਿਲੀ ਵਾਰ ਅਸੀ ਆਪਣੇ ਨੇਤਾ (ਰਾਹੁਲ) ਤੋਂ ਭਰੋਸਾ ਨਹੀਂ ਗੁਆਇਆ। ਜੇ ਉਹ ਰੁਕਦੇ ਤਾਂ ਅਸੀ ਹਾਰ ਦੇ ਕਾਰਨਾਂ ਨੂੰ ਜਾਣ ਪਾਉਂਦੇ ਅਤੇ ਅਗਲੀਆਂ ਚੋਣਾਂ ਲਈ ਵਧੀਆ ਕੋਸ਼ਿਸ਼ ਕਰਦੇ। ਅਸੀ ਕਦੇ ਇਕੱਠੇ ਬੈਠ ਕੇ ਹਾਰ ਦੇ ਕਾਰਨ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। ਕਾਂਗਰਸ ਦੇ ਅੰਦਰ ਹਾਲੇ ਵੀ ਇਕ ਖਾਲੀਪਣ ਹੈ।"