ਸ਼ੋਪੀਆਂ, ਪੁਲਵਾਮਾ ਤੇ ਬਾਂਡੀਪੋਰਾ ਦੇ ਪਿੰਡਾਂ 'ਚ ਹਾਲਤ ਬੇਹੱਦ ਖ਼ਰਾਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਜ ਮੈਂਬਰੀ ਮਹਿਲਾ ਟੀਮ ਦੀ ਕਸ਼ਮੀਰ ਬਾਰੇ ਰੀਪੋਰਟ

Five-member women team reports on Kashmir
  • ਸਕੂਲ, ਕਾਲਜ ਹੋਰ ਸੰਸਥਾਵਾਂ ਅਜੇ ਵੀ ਬੰਦ
  • ਔਰਤਾਂ ਤੇ ਬੀਮਾਰਾਂ ਲਈ ਹਸਪਤਾਲ ਜਾਣਾ ਬਹੁਤ ਮੁਸ਼ਕਲ
  • ਫ਼ੌਜ ਵਲੋਂ ਮੁੰਡਿਆਂ 'ਤੇ ਤਸ਼ੱਦਦ ਲਗਾਤਾਰ ਜਾਰੀ
  •  ਡਾਕਟਰਾਂ ਦੀਆਂ ਸੇਵਾਵਾਂ ਕਾਬਲੇ ਤਾਰੀਫ਼

ਚੰਡੀਗੜ੍ਹ (ਜੀ.ਸੀ. ਭਾਰਦਵਾਜ): ਪਿਛਲੇ ਮਹੀਨੇ ਕਸ਼ਮੀਰ ਘਾਟੀ ਦੀ ਸਮਾਜਕ ਹਾਲਤ ਜਾਣਨ ਵਾਸਤੇ ਉਥੇ ਗਈ 5 ਮੈਂਬਰੀ ਮਹਿਲਾ ਟੀਮ, ਨੇ ਅੱਜ ਪੰਜਾਬ ਕਲਾ ਭਵਨ ਵਿਚ ਇਕ ਇਕੱਠ ਸਾਹਮਣੇ ਗੰਭੀਰ ਅਤੇ ਦਿਲਾਂ ਨੂੰ ਟੁੰਬਣ ਵਾਲੇ ਹਾਲਾਤ ਬਿਆਨ ਕੀਤੇ ਜਿਸ ਵਿਚ ਭਾਰਤੀ ਫ਼ੌਜ ਵਲੋਂ ਲੋਕਾਂ 'ਤੇ ਕੀਤੀ ਜਾ ਰਹੀ ਸਖ਼ਤੀ ਔਰਤਾਂ ਤੇ ਬੀਮਾਰਾਂ ਦੀ ਮਾੜੀ ਦਸ਼ਾ ਇਕ ਮੋਟੇ ਅੰਦਾਜ਼ੇ ਮੁਤਾਬਕ 13,000 ਕਸ਼ਮੀਰੀ ਮੁੰਡਿਆਂ ਦੀ ਹਿਰਾਸਤ ਅਤੇ ਮਾਵਾਂ ਦਾ ਵਿਰਲਾਪ ਸ਼ਾਮਲ ਹੈ।

ਭਾਰਤੀ ਮਹਿਲਾ ਰਾਸ਼ਟਰੀ ਫ਼ੈਡਰੇਸ਼ੈਨ, ਮੁਸਲਿਮ ਮਹਿਲਾ ਫ਼ੋਰਮ ਤੇ ਪ੍ਰਗਤੀਸ਼ੀਲ ਮਹਿਲਾ ਸੰਗਠਨ ਦੀ ਤਰਫ਼ੋਂ ਐਨੀ. ਰਾਜਾ, ਕੰਵਲਜੀਤ ਕੌਰ, ਪੰਖੂੜੀ ਜ਼ਹੀਰ, ਪੂਨਮ ਕੌਸ਼ਕ ਤੇ ਸਾਇਦਾ ਹਮੀਦ ਨੇ ਚੁੱਪ ਚੁੱਪੀਤੇ, ਕਸ਼ਮੀਰ ਘਾਟੀ ਦੇ 3 ਜ਼ਿਲ੍ਹਿਆਂ ਸ਼ੋਪੀਆਂ, ਪੁਲਵਾਮਾ ਤੇ ਬਾਂਡੀਪੋਰਾ ਦੇ ਕਈ ਪਿੰਡਾਂ ਵਿਚ ਜਾ ਕੇ ਆਮ ਲੋਕਾਂ, ਔਰਤਾਂ, ਅਧਿਆਪਕਾਂ, ਵਿਦਿਆਰਥੀਆਂ, ਮਜ਼ਦੂਰਾਂ, ਡਾਕਟਰਾਂ ਤੇ ਹੋਰਨਾਂ ਨੂੰ ਮਿਲ ਕੇ 5 ਸਫ਼ਿਆਂ ਦੀ ਰੀਪੋਰਟ ਦਿਤੀ ਹੈ।

ਐਨੀ ਰਾਜਾ ਤੇ ਕੰਵਲਜੀਤ ਕੌਰ ਨੇ ਦਸਿਆ ਕਿ ਕਿਵੇਂ ਇਸ ਟੀਮ ਨੇ ਭੇਸ ਬਦਲ ਕੇ ਮੂੰਹ ਛੁਪਾ ਕੇ ਦੁਕਾਨਦਾਰਾਂ, ਆਮ ਲੋਕਾਂ, ਬੱਚਿਆਂ ਅਤੇ ਔਰਤਾਂ ਦੀਆਂ ਅੰਦਰੂਨੀ ਭਾਵਨਾਵਾਂ ਨੂੰ ਜਾਣਿਆ ਅਤੇ ਅੱਜ ਦੀ ਇੱਕਤਰਤਾ ਸਾਹਮਣੇ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਨੇ ਕਿਵੇਂ ਕਸ਼ਮੀਰ ਵਿਚ ਡੰਡੇ ਤੇ ਗੋਲੀ ਬੰਦੂਕ ਦੇ ਜ਼ੋਰ ਨਾਲ ਲੋਕਾਂ ਦੀ ਆਵਾਜ਼ ਨੂੰ ਬੰਦ ਕੀਤਾ ਹੋਇਆ ਹੈ। ਪਿਛਲੇ ਮਹੀਨੇ 17 ਤੋਂ 21 ਸਤੰਬਰ ਤਕ ਉਥੇ ਰਹੀ ਟੀਮ ਨੇ ਸਵਾਲ ਜਵਾਬ ਦੇ ਰੂਪ ਵਿਚ ਬਿਆਨ ਕੀਤਾ ਕਿ ਪਰਵਾਰ ਦੇ ਜੀਅ ਰਾਤ 8 ਵਜੇ ਤੋਂ ਬਾਅਦ ਲਾਈਟ ਨਹੀਂ ਜਗਾ ਸਕਦੇ, ਫ਼ੌਜ ਘਰਾਂ ਦੀ ਤਫ਼ਤੀਸ਼ ਕਰਦੀ ਹੈ, ਮਰਦਾਂ ਤੇ ਮੁੰਡਿਆਂ ਨੂੰ ਪਕੜ ਕੇ ਫ਼ੌਜੀ ਕੈਂਪਾਂ ਵਿਚ ਲੈ ਜਾਂਦੀ ਹੈ ਅਤੇ ਪਿੰਡਾਂ ਵਿਚ ਜਦੋਂ ਕੁੱਤੇ ਭੌਂਕਦੇ ਹਨ ਜਾਂ ਬੱਕਰੀ ਬੋਲਦੀ ਹੈ ਤਾਂ ਸਮਝ ਲਿਆ ਜਾਂਦਾ ਹੈ ਫ਼ੌਜ ਆ ਗਈ ਹੈ।

ਇਸ ਟੀਮ ਦੇ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰੀ ਟਰਾਂਸਪੋਰਟ ਠੱਪ ਹੈ, ਹਸਪਤਾਲ ਲਈ ਮਹਿਲਾਵਾਂ ਦੇ ਜਣੇਪੇ ਵਾਸਤੇ ਕੋਈ ਟਰਾਂਸਪੋਰਟ ਦਾ ਬੰਦੋਬਸਤ ਨਹੀਂ ਹੈ, ਕਸ਼ਮੀਰੀ ਸਿਪਾਹੀਆਂ ਦੇ ਹਥਿਆਰ ਲੈ ਲਏ ਹਨ, ਉਨ੍ਹਾਂ 'ਤੇ ਸਰਕਾਰ ਨੂੰ ਭਰੋਸਾ ਨਹੀਂ ਅਤੇ ਲੀਡਰਾਂ ਦੇ ਨਜ਼ਰਬੰਦ ਹੋਣ ਕਰ ਕੇ ਲੋਕ ਭਰੇ ਪੀਤੇ ਗੁੱਸੇ ਵਿਚ ਚੁੱਪ ਬੈਠੇ ਹਨ, ਮੌਕਾ ਆਉਣ 'ਤੇ ਜ਼ਰੂਰ ਹੰਗਾਮਾ ਕਰਨਗੇ। ਮਹਿਲਾ ਟੀਮ ਵਲੋਂ ਦਿਤੀ ਰੀਪੋਰਟ ਮੁਤਾਬਕ ਕਸ਼ਮੀਰ ਦੇ ਲੋਕ, ਦੋਨਾਂ ਯਾਨੀ ਭਾਰਤ ਤੇ ਪਾਕਿਸਤਾਨ ਦੇ ਕੰਟਰੋਲ ਤੋਂ ਅਜ਼ਾਦੀ ਚਾਹੁੰਦੇ ਹਨ। ਧਾਰਾ 370 ਹਟਾਉਣ 'ਤੇ ਗੁੱਸੇ ਤੇ ਮਾਯੂਸ ਹੋਏ ਕਸ਼ਮੀਰੀ ਲੋਕਾਂ ਦੇ ਅੰਦਰੂਨੀ ਜਜ਼ਬਾਤ ਇਸ਼ਾਰਾ ਕਰਦੇ ਹਨ ਕਿ ਭਾਰਤ ਸਰਕਾਰ ਨੇ ਉਨ੍ਹਾਂ ਦੀ ਹੈਸੀਅਤ ਖ਼ਾਸ ਤੋਂ ਘਟਾ ਕੇ ਆਮ ਕਰ ਦਿਤੀ ਹੈ।

ਰੀਪੋਰਟ ਇਹ ਵੀ ਕਹਿ ਰਹੀ ਹੈ ਕਿ ਜਲਦੀ ਕਸ਼ਮੀਰੀ ਮੁੰਡਿਆਂ 'ਤੇ ਕੀਤੀ ਜਾ ਰਹੀ ਸਖ਼ਤੀ ਬੰਦ ਹੋਵੇ ਅਤੇ ਬੇਗੁਨਾਹਾਂ ਦੀ ਛੇਤੀ ਰਿਹਾਈ ਹੋਵੇ। ਪੰਜ ਮੈਂਬਰੀ ਮਹਿਲਾ ਟੀਮ ਨੇ ਅਪਣੀ ਰੀਪੋਰਟ ਵਿਚ ਇਹ ਵੀ ਮੰਗ ਕੀਤੀ ਹੈ ਕਿ ਕਸ਼ਮੀਰ ਘਾਟੀ ਵਿਚੋਂ ਭਾਰਤੀ ਫ਼ੌਜ ਜਲਦ ਵਾਪਸ ਬੁਲਾਈ ਜਾਵੇ, ਨੌਜਵਾਨਾਂ ਵਿਰੁਧ ਦਰਜ ਰੀਪੋਰਟਾਂ ਅਤੇ ਕੇਸ ਵਾਪਸ ਲਏ ਜਾਣ, ਜਿਨ੍ਹਾਂ ਪਰਵਾਰਾਂ ਦੇ ਮੁੰਡੇ ਵਿਅਕਤੀ ਮਾਰੇ ਗਏ ਉਨ੍ਹਾਂ ਨੂੰ ਮੁਆਵਜ਼ਾ ਮਿਲੇ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਇਨਕੁਆਰੀ ਬਿਠਾਈ ਜਾਵੇ। ਇਸ ਤੋਂ ਇਲਾਵਾ ਕਸ਼ਮੀਰ ਵਿਚ ਇੰਟਰਨੈੱਟ ਤੇ ਮੋਬਾਈਲ ਸੇਵਾ ਬਹਾਲ ਕਰਨ, ਧਾਰਾ 370 ਤੇ 35 ਏ ਮੁੜ ਲਾਗੂ ਕਰਨ ਅਤੇ ਕਸ਼ਮੀਰ ਦੇ ਲੋਕਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਦਾ ਸੁਝਾਅ ਵੀ ਇਸ 5 ਮੈਂਬਰੀ ਟੀਮ ਨੇ ਦਿਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ