ਕਸ਼ਮੀਰ ਵਿਚ ਸਥਿਤੀ ਬਦਲਣ ਤੱਕ ਭਾਰਤ ਨਾਲ ਕੋਈ ਗੱਲਬਾਤ ਨਹੀਂ- ਇਮਰਾਨ ਖ਼ਾਨ 

ਏਜੰਸੀ

ਖ਼ਬਰਾਂ, ਕੌਮਾਂਤਰੀ

ਇਮਰਾਨ ਖਾਨ ਨੇ ਅਮਰੀਕੀ ਸੀਨੇਟਰ ਕ੍ਰਿਸ ਵਾਨ ਹੋਲੇਨ ਅਤੇ ਮੈਗੀ ਹਸਨ ਦੇ ਨਾਲ ਗੱਲਬਾਤ ਵਿਚ ਕਿਹਾ ਸੀ ਭਾਰਤ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਹੋਵੇਗੀ।

PM Imran Khan

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੇਸ਼ ਦੇ ਦੌਰੇ ਤੇ ਆਏ ਅਮਰੀਕੀ ਕਾਂਗਰਸ ਦੇ ਇਕ ਪ੍ਰਤੀਨਿਧੀਮੰਡਲ ਨੂੰ ਕਿਹਾ ਕਿ ਕਸ਼ਮੀਰ ਵਿਚ ਸਥਿਤੀ ਨੂੰ ਦੇਖਦੇ ਹੋਏ ਭਾਰਤ ਨਾਲ ਕੋਈ ਵੀ ਗੱਲਬਾਤ ਕਰਨ ਲਈ ਸਵਾਲ ਹੀ ਨਹੀਂ ਹੈ। ਇਮਰਾਨ ਖਾਨ ਨੇ ਅਮਰੀਕੀ ਸੀਨੇਟਰ ਕ੍ਰਿਸ ਵਾਨ ਹੋਲੇਨ ਅਤੇ ਮੈਗੀ ਹਸਨ ਦੇ ਨਾਲ ਗੱਲਬਾਤ ਵਿਚ ਕਿਹਾ ਸੀ ਭਾਰਤ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਹੋਵੇਗੀ।

ਦੋਨੋਂ ਸੀਨੇਟਰ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਯਾਤਰਾ ਕਰਨ ਤੋਂ ਬਾਅਦ ਅਪਣੇ ਅਨੁਭਵ ਪ੍ਰਧਾਨ ਮੰਤਰੀ ਨਾਲ ਸਾਂਝੇ ਕੀਤੇ ਹਨ। ਇਮਰਾਨ ਖ਼ਾਨ ਨੇ ਕਿਹਾ ਕਿ ਉਹ ਭਾਰਤ-ਪਾਕਿਸਤਾਨ ਗੱਲਬਾਤ ਦੇ ਸਭ ਤੋਂ ਵੱਡੇ ਸਮਰਥਕ ਸਨ ਪਰ ਕਸ਼ਮੀਰ ਵਿਚ ਜਦੋਂ ਤੱਕ ਸਥਿਤੀ ਵਧੀਆ ਨਹੀਂ ਹੋ ਜਾਂਦੀ ਇਹ ਸੰਭਵ ਨਹੀਂ ਹੈ। ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਜਦੋਂ ਤੱਕ ਉਹ ਸਰਹੱਦ ਪਾਰੋਂ ਅਤਿਵਾਦ ਦਾ ਸਮਰਥਨ ਦਿੰਦਾ ਰਹੇਗਾ, ਨਵੀਂ ਦਿੱਲੀ ਇਸਲਾਮਾਬਾਦ ਨਾਲ ਗੱਲਬਾਤ ਨਹੀਂ ਕਰੇਗੀ।

ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਚਿੰਤਾ ਜਤਾਉਣ ਵਾਲੇ ਅਮਰੀਕੀ ਸੀਨੇਟਰਾਂ ਵਿਚ ਹੋਲੇਨ ਵੀ ਸ਼ਾਮਲ ਹਨ। ਇਮਰਾਨ ਖਾਨ ਨੇ ਕਿਹਾ ਸੀ ਕਿ ਕੌਮਾਂਤਰੀ ਭਾਈਚਾਰੇ ਨੂੰ ਕਸ਼ਮੀਰੀ ਲੋਕਾਂ ਦੇ ਅਧਿਕਾਰਾਂ ਲਈ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਸਨੇ ਇਹ ਟਿੱਪਣੀ ਹੋਲੇਨ ਅਤੇ ਹਾਸਨ ਨਾਲ ਮੁਲਾਕਾਤ ਦੌਰਾਨ ਕੀਤੀ। ਦੋਵੇਂ ਸੀਨੇਟਰਾਂ ਨੇ ਇਸਲਾਮਾਬਾਦ ਵਿਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ।

ਖਾਨ ਨੇ ਕਿਹਾ, "ਕੌਮਾਂਤਰੀ ਭਾਈਚਾਰੇ ਲਈ ਜੰਮੂ-ਕਸ਼ਮੀਰ ਦੇ ਲੋਕਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦਾ ਸਤਿਕਾਰ ਕਰਨ ਲਈ ਆਪਣੀ ਆਵਾਜ਼ ਬੁਲੰਦ ਕਰਨਾ ਜ਼ਰੂਰੀ ਹੈ"। ਨਾਲ ਹੀ ਖਾਨ ਨੇ ਕਿਹਾ ਕਿ ਖੇਤਰ ਵਿਚ ਅਸ਼ਾਂਤ ਸਥਿਤੀ ਹੈ। ਇਸ ਵਿਸ਼ੇ 'ਤੇ ਧਿਆਨ ਦੇਣ ਲਈ ਉਹਨਾਂ ਨੇ ਦੋਨਾਂ ਸੀਨੇਟਰਾਂ ਸਮੇਤ ਅਮਰੀਕੀ ਸੰਸਦ ਦੀ ਵੀ ਤਾਰੀਫ਼ ਕੀਤੀ। ਖਾਨ ਨੇ ਜ਼ਿਕਰ ਕੀਤਾ ਕਿ ਅਫਗਾਨਿਸਤਾਨ ਵਿਚ ਸ਼ਾਂਤੀ ਲਿਆਉਣ ਲਈ ਪਾਕਿਸਤਾਨ ਅਤੇ ਅਮਰੀਕਾ ਦਾ ਸਾਂਝਾ ਹਿੱਤ ਹੈ।

ਅਫ਼ਗਾਨਿਸਤਾਨ ਵਿਚ ਰਾਜਨੀਤਿਕ ਹੱਲ ਲਈ ਆਪਣੀ ਵਚਨਬੱਧਤਾ ਜ਼ਾਹਰ ਕਰਦੇ ਹੋਏ ਖਾਨ ਨੇ ਕਿਹਾ ਕਿ ਅਮਰੀਕਾ-ਤਾਲਿਬਾਨ ਦੀ ਸ਼ਾਂਤੀ  ਦੀ ਗੱਲਬਾਤ ਨੂੰ ਬਹਾਲ ਕਰਨਾ ਜ਼ਰੂਰੀ ਹੈ। ਦੋਵੇਂ ਅਮਰੀਕੀ ਸੀਨੇਟਰਾਂ ਨੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨਾਲ ਵੀ ਮੁਲਾਕਾਤ ਕੀਤੀ ਅਤੇ ਵੱਖ ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕੀਤੇ।