ਖਾਣਾ ਦੇਣ ਆਇਆ ਸੀ ਪਰ ਦਿਲ ਦਾ ਟੁਕੜਾ ਲੈ ਗਿਆ ਜ਼ੋਮੈਟੋ ਡਿਲੀਵਰੀ ਬੁਆਏ
ਪੁਣੇ ਵਿਚ ਰਹਿਣ ਵਾਲੇ ਇਕ ਜੋੜੇ ਨੇ ਇਕ ਫੂਡ ਡਿਲੀਵਰੀ ਬੁਆਏ ‘ਤੇ ਉਹਨਾਂ ਦੇ ਘਰ ਵਿਚੋਂ ਕੁੱਤਾ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਹੈ।
ਮੁੰਬਈ: ਪੁਣੇ ਵਿਚ ਰਹਿਣ ਵਾਲੇ ਇਕ ਜੋੜੇ ਨੇ ਇਕ ਫੂਡ ਡਿਲੀਵਰੀ ਬੁਆਏ ‘ਤੇ ਉਹਨਾਂ ਦੇ ਘਰ ਵਿਚੋਂ ਕੁੱਤਾ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਹੈ। ਦਰਅਸਲ ਇੱਥੇ ਇਕ ਘਰ ਦੇ ਬਾਹਰੀ ਹਿੱਸੇ ਵਿਚ ਪਾਲਤੂ ਕੁੱਤਾ ਖੇਡ ਰਿਹਾ ਸੀ। ਕੁੱਤੇ ਦੇ ਮਾਲਕ ਘਰ ਦੇ ਅੰਦਰ ਸਨ। ਕੁਝ ਹੀ ਦੇਰ ਬਾਅਦ ਜਦੋਂ ਉਹ ਬਾਹਰ ਆਏ ਤਾਂ ਉਹਨਾਂ ਨੇ ਦੇਖਿਆ ਕਿ ਕੁੱਤਾ ਉੱਥੋਂ ਗਾਇਬ ਹੈ। ਉਹਨਾਂ ਮੁਤਾਬਕ ਇਸ ਤੋਂ ਬਾਅਦ ਉਹਨਾਂ ਨੇ ਉਸ ਦੀ ਭਾਲ ਕੀਤੀ ਤਾਂ ਪਤਾ ਚੱਲਿਆ ਕਿ ਜ਼ੋਮੈਟੋ ਦਾ ਡਿਲੀਵਰੀ ਬੁਆਏ ਉਹਨਾਂ ਦੇ ਕੁੱਤੇ ਨੂੰ ਨਾਲ ਲੈ ਗਿਆ।
ਇਹ ਜਾਣ ਕੇ ਉਹਨਾਂ ਦੇ ਹੋਸ਼ ਉੱਡ ਗਏ। ਪੁਣੇ ਦੇ ਕਾਰਵੇ ਰੋਡ ‘ਤੇ ਵੰਦਨਾ ਸ਼ਾਹ ਅਪਣੇ ਪਤੀ ਨਾਲ ਅਪਣੇ ਮਕਾਨ ਵਿਚ ਰਹਿੰਦੀ ਹੈ। ਉਹਨਾਂ ਕੋਲ ਬੀਗਲ ਨਸਲ ਦਾ ਇਕ ਛੋਟਾ ਕੁੱਤਾ ਸੀ। ਵੰਦਨਾ ਸ਼ਾਅ ਮੁਤਾਬਕ ਸੋਮਵਾਰ ਨੂੰ ਉਸ ਨੇ ਕੁੱਤੇ ਨੂੰ ਘਰ ਦੇ ਬਾਹਰੀ ਹਿੱਸੇ ਵਿਚ ਛੱਡ ਦਿੱਤਾ ਸੀ ਅਤੇ ਉਹ ਉੱਥੇ ਖੇਡ ਰਿਹਾ ਸੀ। ਇਸ ਤੋਂ ਬਾਅਦ ਉਹ ਉੱਥੋਂ ਗਾਇਬ ਹੋ ਗਿਆ। ਇਸ ਤੋਂ ਬਾਅਦ ਉਸ ਨੇ ਅਪਣੇ ਪਤੀ ਨਾਲ ਮਿਲ ਕੇ ਕੁੱਤੇ ਦੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਵੰਦਨਾ ਅਤੇ ਉਸ ਦੇ ਪਤੀ ਨੇ ਸੀਸੀਟੀਵੀ ਫੂਟੇਜ ਵੀ ਚੈੱਕ ਕੀਤਾ ਹੈ, ਉਸ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਗਾਇਬ ਹੋਣ ਤੋਂ ਪਹਿਲਾਂ ਕੁੱਤਾ ਘਰ ਦੇ ਬਾਹਰ ਖੇਡ ਰਿਹਾ ਸੀ।
ਜਦੋਂ ਉਹ ਨਹੀਂ ਮਿਲਿਆ ਤਾਂ ਉਹਨਾਂ ਨੇ ਕੁੱਤੇ ਦੀ ਫੋਟੋ ਦਿਖਾ ਕੇ ਆਸਪਾਸ ਮੌਜੂਦ ਲੋਕਾਂ ਕੋਲੋਂ ਪੁੱਛ-ਗਿੱਛ ਕੀਤੀ। ਇਸ ਦੌਰਾਨ ਉਹਨਾਂ ਨੂੰ ਜ਼ੋਮੈਟੋ ਦੇ ਡਿਲੀਵਰੀ ਬੁਆਏ ਵੀ ਮਿਲੇ। ਜਦੋਂ ਵਦੰਨਾ ਨੇ ਉਹਨਾਂ ਨੂੰ ਕੁੱਤੇ ਦੀ ਫੋਟੋ ਦਿਖਾਈ ਤਾਂ ਉਹਨਾਂ ਵਿਚੋਂ ਇਕ ਡਿਲੀਵਰੀ ਬੁਆਏ ਅਪਣੇ ਨਾਲ ਕੁੱਤੇ ਨੂੰ ਲਿਜਾਉਂਦਾ ਦਿਖਾਈ ਦਿੱਤਾ। ਵੰਦਨਾ ਨੇ ਤੁਰੰਤ ਉਹਨਾਂ ਦਾ ਨਾਂਅ ਜਾਣਿਆ ਅਤੇ ਉਸ ਦਾ ਨੰਬਰ ਵੀ ਲਿਆ। ਵੰਦਨਾ ਮੁਤਾਬਕ ਕੁੱਤੇ ਨੂੰ ਚੋਰੀ ਕਰਨ ਵਾਲੇ ਡਿਲੀਵਰੀ ਬੁਆਏ ਦਾ ਨਾਂਅ ਤੁਸ਼ਾਰ ਹੈ। ਉਹਨਾਂ ਨੇ ਤੁਸ਼ਾਰ ਨੂੰ ਫੋਨ ਕੀਤਾ ਅਤੇ ਇਸੇ ਦੌਰਾਨ ਉਸ ਨੇ ਕੁੱਤੇ ਨੂੰ ਨਾਲ ਲਿਜਾਉਣ ਦੀ ਗੱਲ ਵੀ ਸਵੀਕਾਰ ਕਰ ਲਈ।
ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਹ ਕੁੱਤੇ ਨੂੰ ਅਪਣੇ ਪਿੰਡ ਭੇਜ ਰਿਹਾ ਹੈ। ਇਸ ਤੋਂ ਬਾਅਦ ਤੁਸ਼ਾਰ ਨੇ ਅਪਣਾ ਫੋਨ ਬੰਦ ਕਰ ਲਿਆ। ਵੰਦਨਾ ਸ਼ਾਹ ਅਤੇ ਉਹਨਾਂ ਦੇ ਪਤੀ ਨੇ ਦਾਅਵਾ ਕੀਤਾ ਕਿ ਜਦੋਂ ਉਹ ਦੋਵੇਂ ਇਸ ਮਾਮਲੇ ਦੀ ਸ਼ਿਕਾਇਤ ਕਰਨ ਲਈ ਪੁਲਿਸ ਕੋਲ ਗਏ ਤਾਂ ਪੁਲਿਸ ਨੇ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਵੰਦਨਾ ਨੇ ਅਪਣੇ ਟਵਿਟਰ ‘ਤੇ ਕੁੱਤੇ ਦੀ ਫੋਟੋ ਅਤੇ ਤੁਸ਼ਾਰ ਦੀ ਜਾਣਕਾਰੀ ਜ਼ੋਮੈਟੋ ਨੂੰ ਟੈਗ ਕਰਦੇ ਹੋਏ ਸ਼ੇਅਰ ਕੀਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ