ਤਾਲਿਬਾਨ ਨਾਲ ਪਹਿਲੀ ਵਾਰ ਮੰਚ ਸਾਂਝਾ ਕਰੇਗਾ ਭਾਰਤ, ਮਾਸਕੋ 'ਚ ਬੈਠਕ ਅੱਜ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੂਸੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਗੱਲਬਾਤ ਵਿਚ ਅਫਗਾਨ ਤਾਲਿਬਾਨ ਦੇ ਪ੍ਰਤੀਨਿਧੀ ਅਤੇ ਭਾਰਤ ਦੇ ਦੋ ਸੇਵਾਮੁਕਤ ਅਧਿਕਾਰੀ ਮੌਜੂਦ ਰਹਿਣਗੇ। ਅਜਿਹਾ ਪਹਿਲੀ ਵਾਰ ਹੋਵੇਗਾ

Meeting For making peace in Afganistan

ਨਵੀਂ ਦਿੱਲੀ, (ਪੀਟੀਆਈ ) : ਰੂਸ ਦੀ ਰਾਜਧਾਨੀ ਮਾਸਕੋ ਵਿਖੇ ਅਫਗਾਨਿਸਤਾਨ ਵਿਚ ਸ਼ਾਂਤੀ ਦੇ ਮੁੱਦੇ ਤੇ ਸ਼ਨੀਵਾਰ ਨੂੰ ਗੱਲਬਾਤ ਹੋਵੇਗੀ। ਮਾਸਕੋ ਫਾਰਮੇਟ ਟਾੱਕਸ ਦੇ ਨਾਮ ਨਾਲ ਹੋਣ ਵਾਲੀ ਇਸ ਬੈਠਕ ਵਿਚ ਅਫਗਾਨਿਸਤਾਨ ਅਤੇ ਤਾਲਿਬਾਨ ਦੇ ਪ੍ਰਤੀਨਿਧੀ ਮੌਜੂਦ ਰਹਿਣਗੇ। ਭਾਰਤ ਵੀ ਇਸ ਵਿਚ ਸ਼ਾਮਲ ਹੋਵੇਗਾ। ਰੂਸੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਗੱਲਬਾਤ ਵਿਚ ਅਫਗਾਨ ਤਾਲਿਬਾਨ ਦੇ ਪ੍ਰਤੀਨਿਧੀ ਅਤੇ ਭਾਰਤ ਦੇ ਦੋ ਸੇਵਾਮੁਕਤ ਅਧਿਕਾਰੀ ਮੌਜੂਦ ਰਹਿਣਗੇ। ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਹੋਵੇਗਾ

ਕਿ ਭਾਰਤ ਤਾਲਿਬਾਨ ਨਾਲ ਮੰਚ ਸਾਂਝਾ ਕਰਨ ਜਾ ਰਿਹਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਅਫਗਾਨਿਸਤਾਨ ਮੁੱਦੇ ਤੇ ਹੋਣ ਵਾਲੀ ਇਸ ਬੈਠਕ ਵਿਚ ਭਾਰਤ ਗੈਰ-ਅਧਿਕਾਰਕ ਤੌਰ ਤੇ ਹਿੱਸਾ ਲਵੇਗਾ। ਬੈਠਕ ਦੌਰਾਨ ਅਫਗਾਨਿਸਤਾਨ ਵਿਚ ਰਾਜਦੂਤ ਰਹੇ ਅਮਰ ਸਿਨਹਾ ਅਤੇ ਪਾਕਿਸਤਾਨ ਵਿਚ ਹਾਈ ਕਮਿਸ਼ਨਰ ਰਹੇ ਟੀਸੀਏ ਰਾਘਵਨ ਸ਼ਾਮਲ ਹੋਣਗੇ। ਰਵੀਸ਼ ਕੁਮਾਰ ਮੁਤਾਬਕ ਭਾਰਤ ਦੀ ਹਮੇਸ਼ਾ ਤੋਂ ਇਹੀ ਨੀਤੀ ਰਹੀ ਹੈ ਕਿ ਇਸ ਤਰਾਂ ਦੀਆਂ ਕੋਸ਼ਿਸ਼ਾਂ ਅਫਗਾਨਿਸਤਾਨ ਦੀ ਅਗਵਾਈ,

ਅਫਗਾਨਿਸਤਾਨ ਦੇ ਹੱਕ ਅਤੇ ਅਫਗਾਨ ਸਰਕਾਰ ਦੇ ਸਹਿਯੋਗ ਨਾਲ ਹੋਣੇ ਚਾਹੀਦੇ ਹਨ। ਰੂਸੀ ਖ਼ਬਰਾਂ ਮੁਤਾਬਕ ਇਹ ਦੂਜਾ ਮੌਕਾ ਹੈ ਜਦ ਰੂਸ ਯੁੱਧ ਤੋਂ ਪ੍ਰਭਾਵਿਤ ਅਫਗਾਨਿਸਤਾਨ ਵਿਚ ਸ਼ਾਂਤੀ ਦੇ ਲਈ ਖੇਤਰੀ ਤਾਕਤਾਂ ਨੂੰ ਇਕੋਂ ਸਮੇਂ ਨਾਲ ਲਿਆਉਣ ਦੇ ਉਪਰਾਲੇ ਕਰ ਰਿਹਾ ਹੈ। ਪਹਿਲਾਂ ਇਹ ਬੈਠਕ 4 ਸਤੰਬਰ ਨੂੰ ਹੋਣੀ ਸੀ ਪਰ ਆਖਰੀ ਸਮੇਂ ਵਿਚ ਅਫਗਾਨ ਸਰਕਾਰ ਦੇ ਪਿੱਛੇ ਹਟਣ ਤੋਂ ਬਾਅਦ ਇਸ ਨੂੰ ਰੱਦ ਕਰ ਦਿਤਾ ਗਿਆ ਸੀ। ਰੂਸ ਦੇ ਵਿਦੇਸ਼ ਮੰਤਰਾਲੇ ਮੁਤਾਬਕ ਰੂਸ ਨੇ ਗੱਲਬਾਤ ਵਿਚ ਭਾਗ ਲੈਣ ਲਈ ਅਫਗਾਨਿਸਤਾਨ, ਭਾਰਤ,

ਈਰਾਨ, ਚੀਨ, ਪਾਕਿਸਤਾਨ, ਅਮਰੀਕਾ, ਕਜ਼ਾਖਸਤਾਨ, ਕਿਰਗਿਸਤਾਨ, ਤਾਜ਼ਕਿਸਤਾਨ, ਤੁਰਕੇਮਿਨਸਤਾਨ ਅਤੇ ਉਜ਼ਬੇਕਿਸਤਾਨ ਨੂੰ ਬੁਲਾਇਆ ਹੈ। ਭਾਰਤ ਨੇ ਇਸ ਬੈਠਕ ਵਿਚ ਹਿੱਸਾ ਲੈਣ ਦਾ ਫੈਸਲਾ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਦੀ ਭਾਰਤ ਯਾਤਰਾ ਦੌਰਾਨ ਹੋਈ ਦੋ ਪੱਖੀ ਗੱਲਬਾਤ ਤੋਂ ਬਾਅਦ ਲਿਆ। ਅਫਗਾਨਿਸਤਾਨ ਵਿਚ ਆਰਥਿਕ ਹਾਲਤ ਸੁਧਾਰਨ ਅਤੇ ਸ਼ਾਂਤੀ ਸੁਰੱਖਿਆ ਕਾਇਮ ਰੱਖਣ ਲਈ ਭਾਰਤ ਅਤੇ ਰੂਸ ਨੇ ਅੰਤਰਰਾਸ਼ਟਰੀ ਸਮੁਦਾਇ ਨਾਲ ਜੁੜਨ ਦੀ ਵੀ ਅਪੀਲ ਕੀਤੀ ਸੀ। ਦੋਹਾਂ ਦੇਸ਼ ਅਫਗਾਨਿਸਤਾਨ ਵਿਚ ਸੰਯੁਕਤ ਵਿਕਾਸ ਪਰਿਯੋਜਨਾਵਾਂ ਵੀ ਚਲਾ ਰਹੇ ਹਨ।