ਹਾਈਵੇਅ 'ਤੇ ਪਈ ਮਿਲੀ ਈਵੀਐੈਮ ਬੈਲੇਟ ਯੂਨਿਟ
ਇਕ ਚੋਣ ਅਧਿਕਾਰੀ ਨੇ ਦੱਸਿਆ ਕਿ ਇਹ ਰਿਜ਼ਰਵ ਸ਼੍ਰੇਣੀ ਦੀ ਬੈਲੇਟ ਯੂਨਿਟ ਸੀ ਜਿਸ ਦੀ ਵਰਤੋਂ ਚੋਣਾਂ ਵਿਚ ਨਹੀਂ ਹੋਈ।
ਜੈਪੂਰ, ( ਪੀਟੀਆਈ ) : ਰਾਜਸਥਾਨ ਵਿਚ ਹੋਈਆਂ ਵਿਧਾਨਸਭਾ ਚੋਣਾਂ ਵਿਚ ਵੀ ਈਵੀਐਮ ਸਬੰਧੀ ਅਨਿਯਮਤਤਾ ਦੇਖਣ ਨੂੰ ਮਿਲ ਰਹੀ ਹੈ। ਜਿਥੇ ਬਾਰਾਂ ਜਿਲ੍ਹੇ ਦੇ ਸ਼ਾਹਬਾਦ ਇਲਾਕੇ ਵਿਖੇ ਪਿੰਡ ਵਾਲਿਆਂ ਨੇ ਈਵੀਐਮ ਸੜਕ 'ਤੇ ਪਈ ਦੇਖੀ ਹਾਲਾਂਕਿ ਬਾਅਦ ਵਿਚ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਬੀਬੀਏਯੂਡੀ41390 ਨੰਬਰ ਦੀ ਇਹ ਯੂਨਿਟ ਵਾਧੂ ਸੀ ਜਿਸ ਨੂੰ ਜਿਲ੍ਹਾ ਪ੍ਰਸ਼ਾਸਨ ਦੀ ਨਿਗਰਾਨੀ ਵਿਚ ਜਿਲ੍ਹਾ ਵੇਅਰਹਾਊਸ ਲਿਆਇਆ ਜਾ ਰਿਹਾ ਸੀ। ਇਕ ਚੋਣ ਅਧਿਕਾਰੀ ਨੇ ਦੱਸਿਆ ਕਿ ਇਹ ਰਿਜ਼ਰਵ ਸ਼੍ਰੇਣੀ ਦੀ ਬੈਲੇਟ ਯੂਨਿਟ ਸੀ ਜਿਸ ਦੀ ਵਰਤੋਂ ਚੋਣਾਂ ਵਿਚ ਨਹੀਂ ਹੋਈ।
ਇਸ ਈਵੀਐਮ ਨੂੰ ਹੋਰਨਾਂ ਮਸ਼ੀਨਾਂ ਦੇ ਨਾਲ ਸ਼ਾਹਬਾਦ ਤਹਿਸੀਲ ਦਫਤਰ ਲਿਜਾਇਆ ਜਾ ਰਿਹਾ ਸੀ, ਉਸ ਵੇਲੇ ਰਾਹ ਵਿਚ ਇਹ ਗੱਡੀ ਤੋਂ ਹੇਠਾਂ ਡਿੱਗ ਪਈ। ਜਿਲ੍ਹਾ ਚੋਣ ਅਧਿਕਾਰੀ ਐਸਪੀ ਸਿੰਘ ਦਾ ਕਹਿਣਾ ਹੈ ਕਿ ਦੋ ਚੋਣ ਅਧਿਕਾਰੀ ਅਬਦੁਲ ਰਫੀਕ ਅਤੇ ਨਵਲ ਸਿੰਘ ਨੂੰ ਇਸ ਸਬੰਧੀ ਲਾਪਰਵਾਹੀ ਵਰਤੇ ਜਾਣ 'ਤੇ ਮੁਅੱਤਲ ਕਰ ਦਿਤਾ ਗਿਆ ਅਤੇ ਇਸ ਬੈਲੇਟ ਯੂਨਿਟ ਨੂੰ ਜਿਲ੍ਹਾ ਹੈਡਕੁਆਟਰ ਸਥਿਤ ਸੰਟ੍ਰੋਗ ਰੂਮ ਵਿਚ ਰੱਖ ਦਿਤਾ ਗਿਆ। ਪੰਜ ਰਾਜਾਂ ਵਿਚ ਹੋਈਆਂ ਵਿਧਾਨਸਭਾ ਚੌਣਾਂ ਵਿਚ ਈਵੀਐਮ ਅਨਿਯਮਤਤਾ ਦੀਆਂ ਕਈ ਘਟਨਾਵਾਂ
ਸਾਹਮਣੇ ਆਉਣ 'ਤੇ ਵਿਚ ਰਾਜਸਥਾਨ ਵਿਚ ਬੈਲੇਟ ਯੂਨਿਟ ਸੜਕ 'ਤੇ ਮਿਲਣ 'ਤੇ ਕਈ ਸਵਾਲ ਉਠ ਰਹੇ ਹਨ। ਈਵੀਐਮ ਵਿਚ ਅਨਿਯਤਤਾ ਦੀ ਘਟਨਾ ਸੱਭ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿਚ ਦੇਖਣ ਨੂੰ ਮਿਲੀ ਸੀ। ਜਿਥੇ ਕਾਂਗਰਸ ਐਮਪੀ ਵਿਵੇਕ ਤਨਖਾ ਨੇ ਚੋਣ ਆਯੋਗ ਨੂੰ ਸ਼ਿਕਾਇਤ ਕੀਤੀ ਸੀ ਕਿ ਵੋਟਾਂ ਤੋਂ ਦੋ ਦਿਨ ਬਾਅਦ ਸਾਗਰ ਜਿਲ੍ਹਾ ਕੁਲੈਕਟਰ ਦਫਤਰ ਵਿਖੇ ਇਕ ਬਿਨਾਂ ਰਜਿਸਟੇਸ਼ਨ ਵਾਲੀ ਸਕੂਲ ਬੱਸ ਵਿਚ ਈਵੀਐਮ ਲਿਆਈਆਂ ਗਈਆਂ ਸਨ। ਰਾਜਸਥਾਨ ਦੀਆਂ 200 ਵਿਧਾਨਸਭਾ ਸੀਟਾਂ 'ਤੇ 7 ਦਸੰਬਰ ਨੂੰ ਵੋਟਾਂ ਪਈਆਂ ਹਨ।
ਇਸੇ ਦਿਨ ਤੇਲੰਗਾਨਾ ਵਿਚ ਵੀ ਵੋਟਾਂ ਪਈਆਂ ਹਨ। ਇਹਨਾਂ ਦੀ ਗਿਣਤੀ ਮੱਧ ਪ੍ਰਦੇਸ਼, ਛੱਤੀਸਗੜ ਅਤੇ ਮਿਜ਼ੋਰਮ ਦੇ ਨਾਲ 11 ਦਸੰਬਰ ਨੂੰ ਹੋਵੇਗੀ। ਦੱਸ ਦਈਏ ਕਿ ਵਿਪੱਖੀ ਦਲ ਵੱਲੋਂ ਈਵੀਐਮ ਦੇ ਨਾਲ ਛੇੜਛਾੜ ਦਾ ਮੁੱਦਾ ਕਈ ਵਾਰ ਚੁੱਕਿਆ ਗਿਆ ਹੈ ਪਰ ਚੋਣ ਆਯੋਗ ਦਾ ਕਹਿਣਾ ਹੈ ਕਿ ਈਵੀਐਮ ਸੁਰੱਖਿਅਤ ਹਨ ਅਤੇ ਉਹਨਾਂ ਦੇ ਨਾਲ ਛੇੜਛਾੜ ਸੰਭਵ ਨਹੀਂ ਹੈ।