ਇਤਿਹਾਸਕ ਜਿੱਤ ਤੋਂ ਬਾਅਦ ਦਿੱਲੀ ਬਾਰਡਰ 'ਤੇ ਮਨਾਇਆ ਜਾ ਰਿਹਾ ਜਸ਼ਨ, ਸੁਣਾਈ ਦੇ ਰਹੀ ਨਾਅਰਿਆਂ ਦੀ ਗੂੰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਸਾਲ ਤੋਂ ਸੰਘਰਸ਼ ਵਿਚ ਡਟੇ ਕਿਸਾਨਾਂ ਦੀ ਇਤਿਹਾਸਕ ਜਿੱਤ ਤੋਂ ਬਾਅਦ ਦਿੱਲੀ ਬਾਰਡਰਾਂ ’ਤੇ ਜਸ਼ਨ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।

Celebrations at Delhi Borders

ਨਵੀਂ ਦਿੱਲੀ (ਚਰਨਜੀਤ ਸਿੰਘ ਸੁਰਖਾਬ): ਇਕ ਸਾਲ ਤੋਂ ਸੰਘਰਸ਼ ਵਿਚ ਡਟੇ ਕਿਸਾਨਾਂ ਦੀ ਇਤਿਹਾਸਕ ਜਿੱਤ ਤੋਂ ਬਾਅਦ ਦਿੱਲੀ ਬਾਰਡਰਾਂ ’ਤੇ ਜਸ਼ਨ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨ ਪੂਰੇ ਜੋਸ਼ ਵਿਚ ਹਨ ਅਤੇ ਹਾਰ ਪਾਸਿਓਂ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’ ਦੇ ਨਾਅਰਿਆਂ ਦੀ ਗੂੰਜ ਸੁਣਾਈ ਦੇ ਰਹੀ ਹੈ। ਇਸ ਦੌਰਾਨ ਬਾਲੀਵੁੱਡ ਅਦਾਕਾਰਾਂ ਦਾ ਘਿਰਾਓ ਕਰਨ ਵਾਲੇ ਕਿਸਾਨ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ। ਅਸੀਂ ਬਹੁਤ ਦੁੱਖ ਹੰਢਾਇਆ ਹੈ ਅਤੇ ਸਾਡੇ ਕਈ ਸਾਥੀਆਂ ਨੇ ਸ਼ਹੀਦੀਆਂ ਦਿੱਤੀਆਂ, ਇਸ ਤੋਂ ਬਾਅਦ ਅੱਜ ਦਾ ਦਿਨ ਦੇਖਣ ਨੂੰ ਮਿਲ ਰਿਹਾ ਹੈ।

ਉਹਨਾਂ ਕਿਹਾ ਕਿ ਬੇਸ਼ੱਕ ਬਾਲੀਵੁੱਡ ਅਦਾਕਾਰਾਂ ਨੇ ਸਾਡਾ ਸਮਰਥਨ ਨਹੀਂ ਕੀਤਾ ਪਰ ਇਸ ਦੇ ਬਾਵਜੂਦ ਅੱਜ ਕਿਸਾਨ ਮੋਰਚੇ ਦੀ ਫਤਹਿ ਹੋਈ ਹੈ। ਅੰਦੋਲਨ ਦੌਰਾਨ ਕਈ ਮੁਸ਼ਕਿਲਾਂ ਆਈਆਂ ਪਰ ਕਿਸਾਨਾਂ ਨੇ ਹੱਸ ਕੇ ਇਸ ਦਾ ਮੁਕਾਬਲਾ ਕੀਤਾ ਹੈ ਅਤੇ ਅੱਗੇ ਵੀ ਕਰਦੇ ਰਹਿਣਗੇ। ਕਿਸਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਬਾਲੀਵੁੱਡ ਦੀਆਂ ਹਸਤੀਆਂ ਦਾ ਵਿਰੋਧ ਹੁੰਦਾ ਰਹੇਗਾ, ਵਿਦੇਸ਼ਾਂ ਵਿਚ ਵੀ ਇਹਨਾਂ ਦਾ ਬਾਈਕਾਟ ਕੀਤਾ ਜਾਵੇਗਾ। ਉਹਨਾਂ ਨੇ ਕਿਸਾਨ ਅੰਦੋਲਨ ਦਾ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ।

ਕਿਸਾਨਾਂ ਨੇ ਕਹਿਣਾ ਹੈ ਕਿ ਜੇਕਰ ਕਿਸੇ ਨੇ ਅੰਦੋਲਨ ਕਰਨਾ ਅਤੇ ਅੰਦੋਲਨ ਜਿੱਤਣਾ ਸਿੱਖਣਾ ਹੋਵੇ ਤਾਂ ਉਹ ਕਿਸਾਨਾਂ ਤੋਂ ਸਿੱਖਣ ਕਿਉਂਕਿ ਅੱਜ ਕਿਸਾਨਾਂ ਨੇ ਨਵਾਂ ਇਤਿਹਾਸ ਸਿਰਜਿਆ ਹੈ। ਕਿਸਾਨ ਆਗੂ ਨੇ ਦੱਸਿਆ ਕਿ 11 ਦਸੰਬਰ ਨੂੰ ਸਵੇਰੇ 9 ਵਜੇ ਦਿੱਲੀ ਦੇ ਟਿਕਰੀ ਬਾਰਡਰ, ਗਾਜ਼ੀਪੁਰ ਬਾਰਡਰ ਅਤੇ ਸਿੰਘੂ ਬਾਰਡਰ ਤੋਂ ਕਿਸਾਨ ਅਪਣੇ ਘਰਾਂ ਨੂੰ ਚਾਲੇ ਪਾਉਣਗੇ। ਕਈ ਪੜਾਵਾਂ ਤੋਂ ਹੁੰਦੇ ਹੋਏ ਕਿਸਾਨ ਅਪਣੇ ਸੂਬਿਆਂ ਵਿਚ ਪਹੁੰਚਣਗੇ। ਇਸ ਤੋਂ ਬਾਅਦ 13 ਨੂੰ ਕਿਸਾਨ ਆਗੂ ਜਿੱਤ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਦਰਬਾਰ ਸਾਹਿਬ ਨਤਮਸਤਕ ਹੋਣਗੇ।

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਕਿਸਾਨ ਆਏ ਸਨ, ਉਸੇ ਤਰਾਂ ਵਾਪਸ ਜਾਣਗੇ। ਉਹਨਾਂ ਕਿਹਾ ਜੇ ਸਰਕਾਰ ਕੋਈ ਸ਼ਰਾਰਤ ਕਰੇਗੀ ਤਾਂ ਫਿਰ ਅੰਦੋਲਨ ਸ਼ੁਰੂ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਅਸੀਂ ਹੰਕਾਰੀ ਰਾਜੇ ਕੋਲੋਂ ਅਪਣੀ ਗੱਲ ਮਨਵਾਈ ਹੈ।