CDS ਬਿਪਿਨ ਰਾਵਤ ਸਣੇ 13 ਜਵਾਨਾਂ ਦੇ ਅੰਤਿਮ ਸਸਕਾਰ ਕਾਰਨ ਕੱਲ੍ਹ ਜਿੱਤ ਦਾ ਜਸ਼ਨ ਨਹੀਂ ਮਨਾਉਣਗੇ ਕਿਸਾਨ
ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਅਤੇ ਪ੍ਰਸਤਾਵ 'ਤੇ ਸਮਝੌਤੇ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨ ਅੰਦੋਲਨ ਮੁਲਤਵੀ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਅਤੇ ਪ੍ਰਸਤਾਵ 'ਤੇ ਸਮਝੌਤੇ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨ ਅੰਦੋਲਨ ਮੁਲਤਵੀ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਕਿਸਾਨ ਫ਼ਤਿਹ ਦਿਵਸ ਮਨਾਉਣਗੇ। ਪਹਿਲਾਂ ਕਿਸਾਨਾਂ ਵਲੋਂ ਸ਼ੁੱਕਰਵਾਰ ਨੂੰ ਫ਼ਤਿਹ ਦਿਵਸ ਮਨਾਉਣ ਦੀ ਯੋਜਨਾ ਸੀ ਪਰ ਸੀਡੀਐਸ ਜਨਰਲ ਬਿਪਿਨ ਰਾਵਤ ਅਤੇ ਹੋਰ ਫੌਜੀ ਅਧਿਕਾਰੀਆਂ ਦੀ ਮੌਤ ਕਾਰਨ ਇਸ ਨੂੰ ਟਾਲ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਸ਼ਹੀਦਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਕਾਰਨ ਹੁਣ ਕਿਸਾਨ ਸ਼ਨੀਵਾਰ ਨੂੰ ਫ਼ਤਿਹ ਦਿਵਸ ਮਨਾਉਣਗੇ।
ਇਸ ਸਬੰਧੀ ਕਿਸਾਨ ਆਗੂ ਅਭਿਮਨਯੂ ਕੋਹਾੜ ਨੇ ਫੇਸਬੁੱਕ ’ਤੇ ਲਿਖਿਆ ਕਿ ਦੇਸ਼ ਦੇ ਕਿਸਾਨ ਤਾਨਾਸ਼ਾਹੀ ਸਰਕਾਰ ਨੂੰ ਝੁਕਾ ਕੇ 11 ਦਸੰਬਰ ਨੂੰ ਫਤਹਿ ਮਾਰਚ ਨਾਲ ਘਰ ਵਾਪਸੀ ਕਰਨਗੇ ! ਅਸੀਂ ਜਨਰਲ ਬਿਪਿਨ ਰਾਵਤ ਸਮੇਤ 13 ਸ਼ਹੀਦਾਂ ਦੀ ਕੁਰਬਾਨੀ ਨੂੰ ਸਲਾਮ ਕਰਦੇ ਹਾਂ, ਇਸ ਲਈ ਦੇਸ਼ ਦੇ ਕਿਸਾਨ ਕੱਲ੍ਹ ਨਹੀਂ ਸਗੋਂ ਪਰਸੋਂ ਜਿੱਤ ਦਾ ਜਸ਼ਨ ਮਨਾਉਣਗੇ।
ਦਰਅਸਲ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਸਣੇ 13 ਜਵਾਨ ਭਾਰਤੀ ਹਵਾਈ ਫੈਜ ਦੇ ਹੈਲੀਕਾਪਟਰ 'ਤੇ ਸਵਾਰ, ਜੋ ਕਿ ਬੁੱਧਵਾਰ ਨੂੰ ਤਾਮਿਲਨਾਡੂ ਦੇ ਕੂਨੂਰ ਵਿਚ ਦੁਰਘਟਨਾਗ੍ਰਸਤ ਹੋ ਗਿਆ ਸੀ।
ਸਰਕਾਰ ਵਾਅਦੇ ਤੋਂ ਮੁਕਰੀ ਤਾਂ ਫਿਰ ਸ਼ੁਰੂ ਕਰਾਂਗੇ ਅੰਦੋਲਨ- ਕਿਸਾਨ ਆਗੂ
ਕਿਸਾਨ ਆਗੂਆਂ ਨੇ ਕਿਹਾ ਹੈ ਕਿ ਉਹ 11 ਦਸੰਬਰ ਤੋਂ ਆਪਣੇ ਘਰਾਂ ਨੂੰ ਪਰਤਣਾ ਸ਼ੁਰੂ ਕਰ ਦੇਣਗੇ। ਆਗੂਆਂ ਦਾ ਕਹਿਣਾ ਹੈ ਕਿ ਉਹ 15 ਜਨਵਰੀ ਨੂੰ ਇਕ ਵਾਰ ਫਿਰ ਸਥਿਤੀ ਦੀ ਸਮੀਖਿਆ ਕਰਨਗੇ। ਉਹਨਾਂ ਕਿਹਾ ਜੇਕਰ ਕੇਂਦਰ ਸਰਕਾਰ ਵਾਅਦੇ ਪੂਰੇ ਨਹੀਂ ਕਰਦੀ ਹੈ ਤਾਂ ਉਹ ਫਿਰ ਅੰਦੋਲਨ ਕਰਨਗੇ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਅੱਗੇ ਵੀ ਰਹੇਗਾ।