ਨਾਬਾਲਗ ਲੜਕੀ ਨਾਲ ਬਲਾਤਕਾਰ ਤੇ ਕਤਲ ਦੇ ਦੋਸ਼ੀ ਨੂੰ ਸਜ਼ਾ-ਏ-ਮੌਤ
45 ਹਜ਼ਾਰ ਜੁਰਮਾਨਾ ਵੀ, ਜਿਸ ਦਾ 80 ਫ਼ੀਸਦੀ ਮਿਲੇਗਾ ਪੀੜਤ ਦੇ ਮਾਪਿਆਂ ਨੂੰ
ਮਥੁਰਾ - ਮਥੁਰਾ ਦੀ ਇੱਕ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਤੇਜ਼ ਸੁਣਵਾਈ ਕਰਦੇ ਹੋਏ, 10 ਸਾਲਾ ਬੱਚੀ ਦੇ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ। ਸਰਕਾਰੀ ਵਕੀਲ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਮੌਤ ਦੀ ਸਜ਼ਾ ਹਾਈ ਕੋਰਟ ਵੱਲੋਂ ਪੁਸ਼ਟੀ ਹੋਣ ਤੋਂ ਬਾਅਦ ਲਾਗੂ ਹੋਵੇਗੀ।
ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਅਦਾਲਤ ਦੀ ਵਿਸ਼ੇਸ਼ ਸਰਕਾਰੀ ਵਕੀਲ ਅਲਕਾ ਸ਼ਰਮਾ 'ਉਪਮਨਿਊ' ਨੇ ਕਿਹਾ, "ਵਧੀਕ ਜ਼ਿਲ੍ਹਾ ਜੱਜ ਅਤੇ ਵਿਸ਼ੇਸ਼ ਜੱਜ ਪੋਕਸੋ ਐਕਟ ਵਿਪਿਨ ਕੁਮਾਰ ਨੇ 26 ਦਿਨਾਂ ਦੀ ਤੇਜ਼ ਸੁਣਵਾਈ ਦੌਰਾਨ, ਦੋਸ਼ੀ ਸਤੀਸ਼ ਨੂੰ ਮੌਤ ਦੀ ਸਜ਼ਾ ਸੁਣਾਈ, ਅਤੇ ਨਾਲ 45,000 ਰੁਪਏ ਦਾ ਜੁਰਮਾਨਾ ਵੀ ਲਗਾਇਆ। ਜੁਰਮਾਨੇ ਦੀ ਰਕਮ ਦਾ 80 ਫ਼ੀਸਦੀ ਪੀੜਤਾ ਦੇ ਮਾਪਿਆਂ ਨੂੰ ਦਿੱਤਾ ਜਾਵੇਗਾ।"
ਉਪਮਨਿਊ ਨੇ ਦੱਸਿਆ ਕਿ 13 ਅਕਤੂਬਰ 2022 ਨੂੰ ਕੋਤਵਾਲੀ ਥਾਣਾ ਖੇਤਰ ਦੇ ਰਹਿਣ ਵਾਲਾ ਸਤੀਸ਼ (30) ਆਪਣੀ ਕਲੋਨੀ 'ਚ ਰਹਿਣ ਵਾਲੀ ਇੱਕ ਨਾਬਾਲਗ ਲੜਕੀ ਨੂੰ ਵਰਗਲਾ ਕੇ ਪ੍ਰੇਮ ਮਹਾਵਿਦਿਆਲਿਆ ਪੋਲੀਟੈਕਨਿਕ ਕਾਲਜ ਨੇੜੇ ਜੰਗਲ 'ਚ ਲੈ ਗਿਆ, ਅਤੇ ਉਥੇ ਉਸ ਨਾਲ ਬਲਾਤਕਾਰ ਕੀਤਾ।
ਉਸ ਨੇ ਦੱਸਿਆ ਕਿ ਦੋਸ਼ੀ ਨੇ ਅਪਰਾਧ ਦਾ ਖੁਲਾਸਾ ਹੋਣ ਦੇ ਡਰ ਤੋਂ ਲੜਕੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਜੰਗਲ 'ਚ ਛੱਡ ਦਿੱਤਾ, ਅਤੇ ਉਥੋਂ ਫ਼ਰਾਰ ਹੋ ਗਿਆ।
ਉਪਮਨਿਊ ਦੇ ਦੱਸਣ ਅਨੁਸਾਰ, ਲੜਕੀ ਦੀ ਮਾਂ ਨੇ ਉਸੇ ਦਿਨ ਜੈਤ ਪੁਲਿਸ ਸਟੇਸ਼ਨ ਵਿੱਚ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 363 (ਅਗਵਾ), 376ਏ-ਬੀ (ਬਲਾਤਕਾਰ), 302 (ਕਤਲ) ਅਤੇ ਪੋਕਸੋ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਐਫ਼.ਆਈ.ਆਰ. ਦਰਜ ਕਰਵਾਈ ਸੀ। ਇਸ ਤੋਂ ਬਾਅਦ ਦੋਸ਼ੀ ਨੂੰ 14 ਅਕਤੂਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਜਾਂਚ ਤੋਂ ਬਾਅਦ 14 ਨਵੰਬਰ 2022 ਨੂੰ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ।
ਉਪਮਨਿਊ ਮੁਤਾਬਕ ਜੱਜ ਨੇ ਗਵਾਹਾਂ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟਾਂ ਆਦਿ ਦੇ ਆਧਾਰ 'ਤੇ ਸਤੀਸ਼ ਨੂੰ ਮੌਤ ਦੀ ਸਜ਼ਾ ਸੁਣਾਈ। ਹਾਲਾਂਕਿ, ਇਹ ਵੀ ਕਿਹਾ ਗਿਆ ਕਿ ਮੌਤ ਦੀ ਸਜ਼ਾ ਹਾਈ ਕੋਰਟ ਦੁਆਰਾ ਪੁਸ਼ਟੀ ਹੋਣ ਤੋਂ ਬਾਅਦ ਲਾਗੂ ਹੋਵੇਗੀ।