ਚੰਡੀਗੜ੍ਹ ਨੂੰ ਮਿਲਿਆ 26ਵਾਂ ਮੇਅਰ, ਰਾਜ ਮਲਿਕ ਬਾਲਾ ਸਿਰ ਸਜਿਆ ਤਾਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਡਿਪਟੀ ਮੇਅਰ ਦੇ ਅਹੁਦੇ 'ਤੇ ਵੀ ਭਾਜਪਾ ਕਾਬਜ਼

file photo

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਰਾਜਧਾਨੀ ਚੰਡੀਗੜ੍ਹ ਨੂੰ ਨਵਾਂ ਮੇਅਰ ਮਿਲ ਗਿਆ ਹੈ। ਇਸ ਤਰ੍ਹਾਂ ਭਾਜਪਾ ਲਗਾਤਾਰ ਦੂਜੀ ਵਾਰ ਮੇਅਰ ਦੇ ਅਹੁਦੇ 'ਤੇ ਕਬਜ਼ਾ ਕਰਨ 'ਚ ਕਾਮਯਾਬ ਰਹੀ ਹੈ। ਇਸ ਵਾਰ ਭਾਜਪਾ ਕੌਂਸਲਰ ਰਾਜ ਬਾਲਾ ਮਲਿਕ ਦੇ ਨਾਮ 'ਤੇ ਮੋਹਰ ਲੱਗੀ ਹੈ।

ਸ੍ਰੀਮਤੀ ਰਾਜ ਬਾਲਾ ਚੰਡੀਗੜ੍ਹ ਦੇ 26ਵੇਂ ਮੇਅਰ ਬਣੇ ਹਨ। ਉਨ੍ਹਾਂ ਨੇ ਕਾਂਗਰਸੀ ਉਮਰਦਵਾਰ ਗੁਰਬਖ਼ਸ਼ ਰਾਵਤ ਨੂੰ ਹਰਾਇਆ ਹੈ। ਰਾਜ ਬਾਲਾ ਮਲਿਕ ਨੇ 22 ਵੋਟਾਂ ਹਾਸਿਲ ਕੀਤੀਆਂ।

ਕਾਬਲੇਗੌਰ ਹੈ ਕਿ ਸ੍ਰੀਮਤੀ ਰਾਜ ਬਾਲਾ ਦਾ ਮੇਅਰ ਬਣਨਾ ਪਹਿਲਾਂ ਤੋਂ ਹੀ ਲਗਭਗ ਤੈਅ ਹੋ ਗਿਆ ਸੀ। ਉਹ ਦੂਜੀ ਵਾਰ ਚੰਡੀਗੜ੍ਹ ਦੇ ਮੇਅਰ ਬਣੇ ਹਨ। ਭਾਜਪਾ ਨੇ ਉਨ੍ਹਾਂ ਦਾ ਨਾ ਮੇਅਰ ਲਈ ਨਾਮਜ਼ਦ ਕੀਤਾ ਸੀ। ਨਗਰ ਨਿਗਮ ਦੇ ਸਦਨ ਵਿਚ ਭਾਜਪਾ ਕੋਲ ਦੋ–ਤਿਹਾਈ ਬਹੁਮਤ ਹੈ।

ਕਾਂਗਰਸ ਦੇ ਸਿਰਫ਼ 5 ਕੌਂਸਲਰ ਸਨ ਤੇ ਉਸ ਨੇ ਗੁਰਬਖ਼ਸ਼ ਰਾਵਤ ਨੂੰ ਉਮੀਦਵਾਰ ਬਣਾਇਆ ਸੀ।
ਸ੍ਰੀਮਤੀ ਰਾਜ ਬਾਲਾ ਮਲਿਕ ਖ਼ੁਦ ਇਕ ਵਕੀਲ ਹਨ ਤੇ ਉਨ੍ਹਾਂ ਦੇ ਪਤੀ ਆਰਕੇ ਮਲਿਕ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹਨ।

ਸ੍ਰੀਮਤੀ ਰਾਜ ਬਾਲਾ ਪਹਿਲੀ ਵਾਰ 2011 'ਚ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਜਿੱਤ ਕੇ ਚੰਡੀਗੜ੍ਹ ਨਗਰ ਨਿਗਮ ਦੇ ਸਦਨ 'ਚ ਪੁੱਜੇ ਸਨ। ਸਾਲ 2014 'ਚ ਉਹ ਭਾਜਪਾ 'ਚ ਆ ਗਏ ਸਨ।

ਉਸ ਸਮੇਂ ਉਨ੍ਹਾਂ ਨੂੰ ਹਰਿਆਣਾ ਦੇ ਕਿਸੇ ਵਿਧਾਨ ਸਭਾ ਹਲਕੇ 'ਚ ਟਿਕਟ ਮਿਲਣ ਦੀ ਆਸ ਸੀ। ਫਿਰ 2016 'ਚ ਉਨ੍ਹਾਂ ਨੇ ਮੁੜ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਲੜੀ ਸੀ ਤੇ ਵਾਰਡ ਨੰਬਰ 2 (ਸੈਕਟਰ 12, 14 ਤੇ 15) ਤੋਂ ਚੋਣ ਜਿੱਤੀ ਸੀ।

ਚੰਡੀਗੜ੍ਹ ਦੀ ਨਵੀਂ ਮੇਅਰ ਮੂਲ ਰੂਪ 'ਚ ਹਰਿਆਣਾ ਦੀ ਰਹਿਣ ਵਾਲੇ ਹਨ। ਉਹ ਜਾਟ ਜਾਤੀ ਨਾਲ ਸਬੰਧਤ ਹਨ। ਉਨ੍ਹਾਂ ਨੂੰ ਭਾਜਪਾ ਦੀ ਉਮੀਦਵਾਰ ਬਣਾਉਣ ਪਿਛੇ ਵੀ ਹਰਿਆਣਾ ਦੀ ਜਾਟ ਲਾਬੀ ਦਾ ਹੱਥ ਮੰਨਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਹਰਿਆਣਾ ਦੇ ਉਪ ਮੁੱਖ ਮੰਤਰੀ ਨੇ ਵੀ ਰਾਜਬਾਲਾ ਨੂੰ ਭਾਜਪਾ ਦਾ ਉਮੀਦਵਾਰ ਬਣਾਉਣ ਲਈ ਭਾਜਪਾ ਹਾਈ ਕਮਾਨ ਕੋਲ ਸਿਫਾਰਸ਼ ਕੀਤੀ ਸੀ।

ਇਸ ਤੋਂ ਇਲਾਵਾ ਡਿਪਟੀ ਮੇਅਰ ਦੇ ਅਹੁਦੇ 'ਤੇ ਵੀ ਭਾਜਪਾ ਦਾ ਕਬਜ਼ਾ ਹੋ ਗਿਆ ਹੈ। ਭਾਜਪਾ ਦੇ ਉਮੀਦਵਾਰ ਰਵਿਕਾਂਤ ਸ਼ਰਮਾ ਨੇ ਕਾਂਗਰਸ ਦੇ ਉਮੀਦਵਾਰ ਸ਼ੀਲਾ ਫੂਲ ਸਿੰਘ ਨੂੰ ਹਰਾ ਕੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ 'ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਨੂੰ 27 ਵਿਚੋਂ 22 ਵੋਟ ਮਿਲੇ ਹਨ।