ਆਈਸੀਯੂ 'ਚ ਪਹੁੰਚੇ ਅਰਥਚਾਰੇ ਦਾ ਇਲਾਜ਼ ਅਨਜਾਣ ਡਾਕਟਰਾਂ ਦੇ ਹੱਥਾਂ 'ਚ : ਚਿਦੰਬਰਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੋਦੀ ਸਰਕਾਰ ਦੇ ਲੱਭੇ 'ਤਜਰਬੇਕਾਰ ਡਾਕਟਰ' ਦੇਸ਼ ਛੱਡ ਕੇ ਚਲੇ ਗਏ

file photo

ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਮੋਦੀ ਸਰਕਾਰ ਵਿਰੁਧ ਅਰਥਚਾਰੇ ਦੀ ਹਾਲਤ ਖ਼ਰਾਬ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅਰਥਚਾਰਾ ਬੁਰੀ ਤਰ੍ਹਾਂ ਬਿਮਾਰ ਹੈ ਅਤੇ ਇਸ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਅਣਜਾਣ ਡਾਕਟਰਾਂ ਦੇ ਹੱਥਾਂ ਵਿਚ ਹੈ।

ਰਾਜ ਸਭਾ ਵਿਚ 2010-21 ਦੇ ਆਮ ਬਜਟ ਬਾਰੇ ਚਰਚਾ ਦੀ ਸ਼ੁਰੂਆਤ ਕਰਦਿਆਂ ਚਿਦੰਬਰਮ ਨੇ ਕਿਹਾ ਕਿ ਵਧਦੀ ਬੇਰੁਜ਼ਗਾਰੀ ਅਤੇ ਘਟਦੀ ਖਪਤ ਕਾਰਨ ਅੱਜ ਦੇਸ਼ ਗ਼ਰੀਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਰਥਚਾਰੇ ਸਾਹਮਣੇ ਮੰਗ ਦੀ ਕਮੀ ਹੈ ਅਤੇ ਨਿਵੇਸ਼ ਰਾਹ ਵੇਖ ਰਿਹਾ ਹੈ। ਅਰਥਚਾਰਾ ਡਿਗਦੀ ਮੰਗ ਅਤੇ ਵਧਣੀ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਿਹਾ ਹੈ। ਇਸ ਸਮੇਂ ਦੇਸ਼ ਵਿਚ ਡਰ ਅਤੇ ਅਨਿਸ਼ਚਿਤਤਾ ਦਾ ਮਾਹੌਲ ਹੈ।

ਉਨ੍ਹਾਂ ਕਿਹਾ ਕਿ ਚਾਰ ਸਾਲਾਂ ਤਕ ਭਾਜਪਾ ਸਰਕਾਰ ਵਿਚ ਮੁੱਖ ਆਰਥਕ ਸਲਾਹਕਾਰ ਰਹੇ ਅਰਵਿੰਦ ਸੁਬਰਮਨੀਅਮ ਨੇ ਕਿਹਾ ਹੈ ਕਿ ਅਰਥਚਾਰਾ ਆਈਸੀਯੂ ਵਿਚ ਪਹੁੰਚ ਗਿਆ ਹੈ ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਮਰੀਜ਼ ਨੂੰ ਆਈਸੀਯੂ ਤੋਂ ਬਾਹਰ ਰਖਿਆ ਗਿਆ ਹੈ, ਅਣਜਾਣ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ ਅਤੇ ਆਲੇ ਦੁਆਲੇ ਖੜੇ ਲੋਕ 'ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ' ਦੇ ਨਾਹਰੇ ਲਾ ਰਹੇ ਹਨ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਜਿਸ ਵੀ ਤਜਰਬੇ ਕਾਰਨ ਡਾਕਟਰ ਦੀ ਪਛਾਣ ਕੀਤੀ ਹੈ, ਸਾਰੇ ਦੇਸ਼ ਛੱਡ ਕੇ ਚਲੇ ਗਏ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦੀ ਸੂਚੀ ਵਿਚ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ, ਸਾਬਕਾ ਮੁੱਖ ਆਰਥਕ ਸਲਾਹਕਾਰ ਅਰਵਿੰਦ ਸੁਬਰਮਨੀਅਮ ਅਤੇ ਨੀਤੀ ਕਮਿਸ਼ਨ ਦੇ ਵਾਈਸ ਪ੍ਰਧਾਨ ਅਰਵਿੰਦ ਪਨਗੜ੍ਹੀਆ ਸ਼ਾਮਲ ਸਨ।

ਉਨ੍ਹਾਂ ਸਵਾਲ ਕੀਤਾ, 'ਤੁਹਾਡਾ ਡਾਕਟਰ ਕੌਣ ਹੈ, ਮੈਂ ਜਾਣਨਾ ਚਾਹੁੰਦਾ ਹਾਂ। ਸਰਕਾਰ ਕਾਂਗਰਸ ਨੂੰ ਤਾਂ ਅਛੂਤ ਮੰਨਦੀ ਹੈ, ਦੂਜੀਆਂ ਪਾਰਟੀਆਂ ਬਾਰੇ ਉਸ ਦੀ ਰਾਏ ਚੰਗੀ ਨਹੀਂ, ਸੋ ਉਹ ਕਿਸੇ ਨਾਲ ਸਲਾਹ ਨਹੀਂ ਕਰਦੀ।