ਕੋਰੋਨਾ ਵਾਇਰਸ 'ਤੇ ਡਾਕਟਰਾਂ ਦਾ ਮੂੰਹ ਕਰਵਾਇਆ ਬੰਦ, 900 ਮੌਤਾਂ ਤੋਂ ਬਾਅਦ ਉੱਠੀ ਅਜਾਦੀ ਦੀ ਮੰਗ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਨ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ...

File Photo

ਨਵੀਂ ਦਿੱਲੀ : ਚੀਨ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਕਹਿਰ ਕਾਰਨ ਹੁਣ ਤੱਕ 910 ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਲਗਾਤਾਰ ਹੋ ਰਹੀ ਮੌਤਾਂ ਦੇ ਕਾਰਨ ਹੁਣ ਚੀਨ ਦੀ ਸਰਕਾਰ 'ਤੇ ਇਲਜ਼ਾਮ ਲੱਗ ਰਹੇ ਹਨ ਕਿ ਉਸ ਨੇ ਸਮਾਂ ਰਹਿੰਦੇ ਇਸ ਵਾਈਰਸ ਨੂੰ ਲੈ ਕੇ ਸਖ਼ਤ ਕਦਮ ਨਹੀਂ ਚੁੱਕੇ ਹਨ ਜਿਸ ਕਰਕੇ ਦੇਸ਼ ਇਸ ਬੁਰੀ ਸਥਿਤੀ ਵਿਚ ਪਹੁੰਚ ਗਿਆ ਹੈ।

ਚੀਨ ਵਿਚ ਕੋਰੋਨਾ ਵਾਇਰਸ ਦੀ ਲਾਗ ਨੂੰ ਲੈ ਕੇ ਸੱਭ ਤੋਂ ਪਹਿਲਾਂ ਜਾਣਕਾਰੀ ਦੇਣ ਵਾਲੇ ਡਾਕਟਰ ਲੀ ਵੇਨਲਿਆਂਗ ਨੂੰ ਸਥਾਨਕ ਪੁਲਿਸ ਨੇ ਚੁੱਪ ਰਹਿਣ ਦਾ ਦਬਾਅ ਪਾਇਆ ਸੀ। ਦਰਅਸਲ ਉਨ੍ਹਾਂ ਨੇ ਇਕ ਗਰੁੱਪ ਵਿਚ ਸੱਭ ਤੋਂ ਪਹਿਲਾਂ ਇਸ ਵਾਇਰਸ ਨੂੰ ਲੈ ਕੇ ਵੀਡੀਓ ਰਾਹੀ ਚੇਤਾਵਨੀ ਦਿੱਤੀ ਪਰ ਪੁਲਿਸ ਨੇ ਇਸ ਜਾਣਕਾਰੀ ਨੂੰ ਅਫਵਾਹ ਮੰਨ ਲਿਆ ਸੀ ਅਤੇ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ।

ਡੇਲੀ ਮੇਲ ਦੀ ਰਿਪੋਰਟ ਅਨੁਸਾਰ ਲੀ ਉਨ੍ਹਾਂ ਅੱਠ ਡਾਕਟਰਾਂ ਵਿਚ ਸ਼ਾਮਲ ਸਨ ਜਿਨ੍ਹਾਂ ਨੂੰ ਵੁਹਾਨ ਪੁਲਿਸ ਨੇ ਅਫਵਾਹ ਫੈਲਾਉਣ ਵਾਲਾ ਦੱਸਿਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਅਕਾਦਮਿਕ ਸੰਸਾਰ ਦੇ ਲੋਕਾਂ ਦੇ ਘੱਟ ਤੋਂ ਘੱਟ ਦੋ ਓਪਨ ਲੈਟਰ ਚੀਨ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।ਡਾਕਟਰ ਲੀ ਦੀ ਮੌਤ ਤੋਂ ਬਾਅਦ ਚੀਨੀ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਪੁਲਿਸ ਨੇ ਉਸ ਬਿਆਨ ਤੇ ਦਸਤਖ਼ਤ ਕਰਨ ਦੇ ਲਈ ਮਜ਼ਬੂਰ ਕੀਤਾ ਜਿਸ ਵਿਚ ਕਿਹਾ ਗਿਆ ਸੀ ਕਿ ਉਹ ਕਾਨੂੰਨ ਤੋੜਨ ਵਾਲੀ ਗਤੀਵਿਧੀਆਂ ਨਹੀਂ ਕਰਨਗੇ।

ਇੰਨਾ ਹੀ ਨਹੀਂ ਬਲਕਿ ਅਜਿਹਾ ਨਾ ਕਰਨ 'ਤੇ ਉਨ੍ਹਾਂ ਨੂੰ ਸਜ਼ਾ ਦੀ ਧਮਕੀ ਦਿੱਤੀ ਗਈ ਸੀ। ਰਿਪੋਰਟਾਂ ਅਨੁਸਾਰ ਫਰੀਡਮ ਆਫ ਸਪੀਚ ਦੀ ਮੰਗ ਕਰਨ ਵਾਲੇ ਇਕ ਪੱਤਰ 'ਤੇ ਵੁਹਾਨ ਦੇ 10 ਪ੍ਰੋਫੈਸਰਾਂ ਦੇ ਦਸਤਖ਼ਤ ਹਨ। ਪੱਤਰ ਵਿਚ ਇਸ ਗੱਲ ਦਾ ਵੀ ਜਿਕਰ ਕੀਤਾ ਗਿਆ ਹੈ ਕਿ ਡਾਕਟਰ ਲੀ ਨੇ ਪੂਰੀ ਤਾਕਤ ਨਾਲ ਦੇਸ਼ ਅਤੇ ਸਮਾਜ ਦੇ ਹਿੱਤ ਵਿਚ ਕੰਮ ਕੀਤਾ ਸੀ। ਡਾਕਟਰ ਲੀ ਤੋਂ ਅਧਿਕਾਰਕ ਤੌਰ ਉੱਤੇ ਮਾਫ਼ੀ ਮੰਗਣ ਦੀ ਵੀ ਅਪੀਲ ਕੀਤੀ ਗਈ ਸੀ ਪਰ ਬਾਅਦ ਵਿਚ ਚੀਨ ਦੇ ਸੋਸ਼ਲ ਮੀਡੀਆ Weibo ਉੱਤੇ ਕਥਿਤ ਤੌਰ ਨਾਲ ਇਸ ਪੱਤਰ ਨੂੰ ਸੈਂਸਰ ਕਰ ਦਿੱਤਾ ਗਿਆ।

ਦੂਜੇ ਪੱਤਰ ਨੂੰ ਬੀਜਿੰਗ ਦੀ ਵੱਡੀ ਯੂਨੀਰਵਸਿਟੀ Tsinghua ਦੇ ਅਲੁਮਨੀ ਸਮੂਹ ਨੇ ਲਿਖਿਆ ਹੈ। ਇਸ ਪੱਤਰ ਵਿਚ ਅਪੀਲ ਕੀਤੀ ਗਈ ਹੈ ਕਿ ਅਧਿਕਾਰੀ ਆਮ ਲੋਕਾਂ ਦੇ ਸਵਿੰਧਾਨਿਕ ਅਧਿਕਾਰਾਂ ਦੀ ਗਾਰੰਟੀ ਦੇਣ। ਚੀਨ ਵਿਚ ਸਰਕਾਰ ਵਿਰੋਧੀ ਅਵਾਜ਼ਾ 'ਤੇ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ ਅਤੇ ਅਕਸਰ ਵਿਰੋਧ ਕਰਨ ਵਾਲਿਆਂ ਨੂੰ ਜੇਲ੍ਹ ਵਿਚ ਭੇਜ ਦਿੱਤਾ ਜਾਂਦਾ ਹੈ।