ਪਾਕਿਸਤਾਨ ਗਈ ਕਬੱਡੀ ਟੀਮ ਮਾਮਲਾ : ਜਾਖੜ ਨੇ ਲਾਇਆ ਸੁਖਬੀਰ 'ਤੇ 'ਨਿਸ਼ਾਨਾ'!

ਏਜੰਸੀ

ਖ਼ਬਰਾਂ, ਰਾਸ਼ਟਰੀ

ਟੀਮ ਦੀ ਅਗਵਾਈ ਕਰਨ ਵਾਲੇ ਨੂੰ ਦਸਿਆ ਸੁਖਬੀਰ ਦਾ ਕਰੀਬੀ

file photo

ਚੰਡੀਗੜ੍ਹ : ਪਾਕਿਸਤਾਨ ਵੱਲ ਚੁਪ-ਚੁਪੀਤੇ ਉਡਾਰੀ ਮਾਰਨ ਵਾਲੀ ਭਾਰਤੀ ਕਬੱਡੀ ਟੀਮ ਦਾ ਮਾਮਲਾ ਤੁਲ ਫੜਦਾ ਜਾ ਰਿਹਾ ਹੈ। ਇਸ ਦੇ ਤਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਜੁੜਨ ਦੀਆਂ ਚਰਚਾਵਾਂ ਦਰਮਿਆਨ ਇਸ 'ਤੇ ਸਿਆਸੀ ਰੰਗ ਚੜ੍ਹਨ ਦੇ ਅਸਾਰ ਵੀ ਬਣਦੇ ਜਾ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਨੂੰ ਲੈ ਕੇ ਸੁਖਬੀਰ ਬਾਦਲ ਵੱਲ ਨਿਸ਼ਾਨਾ ਸਾਧਦਿਆਂ ਕਬੱਡੀ ਟੀਮ ਦੀ ਅਗਵਾਈ ਕਰਨ ਵਾਲੇ ਤੇਜਿੰਦਰ ਸਿੰਘ ਮਿੱਡੂਖੇੜਾ ਨੂੰ ਸੁਖਬੀਰ ਬਾਦਲ ਦਾ ਕਰੀਬੀ ਦਸਿਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰ ਰਹੇ ਹਨ, ਪਰ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਰੀਬੀ 60 ਮੈਂਬਰੀ ਗਰੁੱਪ ਨਾਲ ਪਾਕਿਸਤਾਨ ਵਿਚ ਕਬੱਡੀ ਖੇਡਣ ਗਿਆ ਹੋਇਆ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਟੀਮ ਨੂੰ ਕਿਸ ਦੇ ਦਬਾਅ ਹੇਠ ਪਾਕਿਸਤਾਨ ਜਾਣ ਦੀ ਇਜਾਜ਼ਤ ਦਿਤੀ ਗਈ ਹੈ।

ਜਾਖੜ ਨੇ ਪਾਕਿਸਤਾਨ ਅਮਚਿਓਰ ਸਰਕਲ ਕਬੱਡੀ ਫ਼ੈਡਰੇਸ਼ਨ ਦੇ ਸਕੱਤਰ ਜਨਰਲ ਮੁਹੰਮਦ ਸਰਵਰ ਬੱਟ ਦਾ ਵੀਡੀਓ ਜਾਰੀ ਕੀਤਾ ਹੈ ਜਿਸ ਵਿਚ ਬੱਟ ਕਹਿ ਰਹੇ ਹਨ ਕਿ ਇਹ ਕੋਈ ਵਰਲਡ ਕੱਪ ਨਹੀਂ ਹੈ। ਬੱਟ ਅਨੁਸਾਰ ਕਈ ਦੇਸ਼ਾਂ ਨੇ ਅਪਣੀ ਟੀਮ ਭੇਜਣ ਤੋਂ ਇਨਕਾਰ ਕਰ ਦਿਤਾ ਸੀ ਜਦਕਿ ਭਾਰਤ ਤੋਂ 60 ਮੈਂਬਰ ਆਏ ਹਨ ਜੋ ਵੱਖ ਵੱਖ ਦੇਸ਼ਾਂ ਦੇ ਨੁਮਾਇੰਦੇ ਬਣ ਕੇ ਖੇਡਣਗੇ। ਬੱਟ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਟੂਰਨਾਮੈਂਟ ਵਿਰੁਧ ਇਸਲਾਮਾਬਾਦ ਅਦਾਲਤ ਵਿਚ ਪਟੀਸ਼ਨ ਵੀ ਪਾਈ ਹੋਈ ਹੈ। ਕਾਬਲੇਗੌਰ ਹੈ ਕਿ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ।

ਉਧਰ ਸੁਨੀਲ ਜਾਖੜ ਨੇ ਸੁਖਬੀਰ ਬਾਦਲ ਦੇ ਕਰੀਬੀ ਵਲੋਂ ਟੀਮ ਲੈ ਕੇ ਪਾਕਿਸਤਾਨ ਜਾਣ ਸਬੰਧੀ ਉਨ੍ਹਾਂ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਇਸ ਪੂਰੇ ਮਾਮਲੇ ਦੀ ਜਾਂਚ ਐਨਆਈਏ ਤੋਂ ਕਰਵਾਉਣ ਦੀ ਮੰਗ ਕਰਦਿਆਂ ਜਾਖੜ ਨੇ ਕਿਹਾ ਕਿ ਇਕ ਪਾਸੇ ਪਾਕਿਸਤਾਨ ਵਾਲੇ ਪਾਸਿਓ ਹਥਿਆਰ ਅਤੇ ਨਸ਼ੇ ਆ ਰਹੇ ਹਨ, ਦੂਜੇ ਪਾਸੇ ਦੋਵਾਂ ਦੇਸ਼ਾਂ ਵਿਚਾਲੇ ਹਾਲਾਤ ਖ਼ਰਾਬ ਹੋਣ ਦੇ ਬਾਵਜੂਦ 60 ਮੈਂਬਰੀ ਖਿਡਾਰੀਆਂ ਨੂੰ ਪਾਕਿਸਤਾਨ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਟੀਮ ਨੂੰ ਕਿਸ ਦੇ ਇਸ਼ਾਰੇ ਤੇ ਕਹਿਣ 'ਤੇ ਇਜਾਜ਼ਤ ਦਿਤੀ ਗਈ, ਇਸ ਸਭ ਤੋਂ ਜਾਂਚ ਹੋਣੀ ਚਾਹੀਦੀ ਹੈ।