ਭਾਰਤੀ ਕਬੱਡੀ ਟੀਮ ਦੀ ਫੁਰਤੀ : ਚੁਪ-ਚੁਪੀਤੇ ਪਾਕਿਸਤਾਨ ਵਿਚ ਜਾ ਹੋਈ 'ਹਾਜ਼ਰ'!

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਦੇਸ਼ ਤੇ ਖੇਡ ਮੰਤਰਾਲੇ ਨੇ ਅਨਜਾਣਤਾ ਪ੍ਰਗਟਾਈ

file photo

ਨਵੀਂ ਦਿੱਲੀ : ਭਾਰਤੀ ਟੀਮ ਵਲੋਂ ਬਿਨਾਂ ਇਜ਼ਾਜਤ ਲਏ ਚੁਪ-ਚੁਪੀਤੇ ਖੇਡਣ ਲਈ ਪਾਕਿਸਤਾਨ ਪਹੁੰਚ ਜਾਣ  ਦੀ ਘਟਨਾ ਨੇ ਸਭ ਨੂੰ ਹੈਰਾਨ ਕਰ ਦਿਤਾ ਹੈ।  ਖ਼ਬਰਾਂ ਅਨੁਸਾਰ ਭਾਰਤੀ ਟੀਮ ਪਾਕਿਸਤਾਨ ਵਿਖੇ ਹੋਣ ਵਾਲੀ ਵਿਸ਼ਵ ਕਬੱਡੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਗਈ ਹੈ। ਭਾਰਤੀ ਟੀਮ ਦੇ ਇਸ ਪਾਕਿ ਦੌਰੇ ਸਬੰਧੀ  ਸਰਕਾਰ ਨੂੰ ਕੋਈ ਇਲਮ ਨਹੀਂ ਹੈ। ਸਰਕਾਰ ਨੂੰ ਭਾਰਤੀ ਟੀਮ ਦੇ ਪਾਕਿਸਤਾਨ ਵਿਚ ਖੇਡਣ ਜਾਣ ਬਾਰੇ ਪਤਾ ਬਾਅਦ ਮੀਡੀਆ 'ਚ ਖ਼ਬਰਾਂ ਆਉਣ 'ਤੇ ਹੀ ਲੱਗਾ ਹੈ।

ਭਾਰਤੀ ਟੀਮ ਦੇ ਬਿਨਾਂ ਕਿਸੇ ਇਜ਼ਾਜਤ ਦੇ ਅਚਾਨਕ ਪਾਕਿਸਤਾਨ ਪਹੁੰਚ ਜਾਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਖੇਡ ਮਤਰਾਲੇ ਤੋਂ ਇਲਾਵਾ ਵਿਦੇਸ਼ ਮੰਤਰਾਲਾ ਤੇ ਕੌਮੀ ਫ਼ੈਡਰੇਸ਼ਨ ਵਲੋਂ ਇਸ ਸਬੰਧੀ ਅਨਜਾਣ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਨ੍ਹਾਂ ਸਰਕਾਰੀ ਅਦਾਰਿਆਂ ਮੁਤਾਬਕ ਉਨ੍ਹਾਂ ਨੇ ਕਿਸੇ ਵੀ ਖਿਡਾਰੀ ਨੂੰ ਗੁਆਂਢੀ ਮੁਲਕ ਵਿਚ ਖੇਡਣ ਜਾਣ ਦੀ ਇਜ਼ਾਜਤ ਨਹੀਂ ਦਿਤੀ। ਸਵਾਲ ਪੈਂਦਾ ਹੁੰਦਾ ਹੈ ਕਿ ਜੇਕਰ ਕਿਸੇ ਨੇ ਖਿਡਾਰੀਆਂ ਨੂੰ ਜਾਣ ਦੀ ਇਜ਼ਾਜਤ ਹੀ ਨਹੀਂ ਦਿਤੀ ਤਾਂ ਉਨ੍ਹਾਂ ਨੂੰ ਵੀਜ਼ੇ ਕਿਵੇਂ ਮਿਲ ਗਏ।

ਕਾਬਲੇਗੌਰ ਹੈ ਕਿ ਲਾਹੌਰ ਵਿਖੇ ਸਥਿਤ ਪੰਜਾਬ ਫੁਟਬਾਲ ਸਟੇਡੀਅਮ ਵਿਚ ਵਿਸ਼ਵ ਕਬੱਡੀ ਚੈਂਪੀਅਨਸ਼ਿਪ ਹੋਣ ਵਾਲੀ ਹੈ। ਇਸ ਵਿਚ ਹਿੱਸਾ ਲੈਣ ਲਈ ਸਨਿੱਚਰਵਾਰ ਨੂੰ ਭਾਰਤ ਤੋਂ ਟੀਮ ਵਾਹਗਾ ਰਸਤੇ ਲਾਹੌਰ ਪਹੁੰਚੀ। ਪਾਕਿਸਤਾਨ ਵਿਸ਼ਵ ਕਬੱਡੀ ਕੱਪ ਦੀ ਮੇਜ਼ਬਾਨੀ ਪਹਿਲੀ ਵਾਰ ਕਰ ਰਿਹਾ ਹੈ। ਲਾਹੌਰ ਵਿਖੇ ਸ਼ੁਰੂ ਹੋਣ ਵਾਲੀ ਇਸ ਚੈਂਪੀਅਨਸ਼ਿਪ ਦੇ ਕੁੱਝ ਮੈਚ ਫੈਸਲਾਬਾਦ ਤੇ ਗੁਜਰਾਤ ਵਿਚ ਵੀ ਹੋਣੇ ਹਨ। ਭਾਰਤੀ ਖਿਡਾਰੀਆਂ ਦੇ ਲਾਹੌਰ ਪਹੁੰਚਣ ਦੀਆਂ ਫ਼ੋਟੋਆਂ ਤੇ ਫੁਟੇਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।

ਦੂਜੇ ਪਾਸੇ ਭਾਰਤ ਦੇ ਖੇਡ ਮੰਤਰਾਲੇ ਦੇ ਸੂਤਰਾਂ ਮੁਤਾਬਕ ਸਰਕਾਰ ਨੇ ਕਿਸੇ ਵੀ ਖਿਡਾਰੀ ਨੂੰ ਇਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਜਾਣ ਦੀ ਮਨਜ਼ੂਰੀ ਨਹੀਂ ਦਿਤੀ। ਅਧਿਕਾਰੀਆਂ ਅਨੁਸਾਰ ਖੇਡ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਨੇ ਕਿਸੇ ਟੀਮ ਨੂੰ ਪਾਕਿਸਤਾਨ ਜਾਣ ਦੀ ਇਜ਼ਾਜਤ ਨਹੀਂ ਦਿਤੀ। ਇਹ ਮਨਜ਼ੂਰੀ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ 'ਚ ਦੇਸ਼ ਦੀ ਨੁਮਾਇੰਦਗੀ ਕਰਨ ਲਈ ਲੋੜੀਂਦੀ ਹੁੰਦੀ ਹੈ।  ਇਸੇ ਤਰ੍ਹਾਂ ਭਾਰਤੀ ਐਮਚਿਓਰ ਕਬੱਡੀ ਫ਼ੈਡਰੇਸ਼ਨ ਦੇ ਪ੍ਰਸ਼ਾਸਕ ਸਾਬਕਾ ਜਸਟਿਸ ਐਸਪੀ ਗਰਗ ਦਾ ਕਹਿਣਾ ਹੈ ਕਿ ਇਸ ਕੌਮੀ ਪੱਧਰੀ ਸੰਸਥਾ ਵਲੋਂ ਅਜਿਹੀ ਕਿਸੇ ਵੀ ਟੀਮ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿਤੀ।