ਪਹਿਲੀ ਵਾਰ ਬਲਬੀਰ ਸਿੰਘ ਰਾਜੇਵਾਲ ਨੇ ਸਾਂਝਾ ਕੀਤਾ ਅਪਣੀ ਨਿੱਜੀ ਜ਼ਿੰਦਗੀ ਦਾ ਕਿੱਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਚੰਡੀਗੜ੍ਹ ਪਹੁੰਚੇ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਕੀਤੀ ਵਿਸ਼ੇਸ਼ ਅਪੀਲ

Balbir Singh Rajewal

ਚੰਡੀਗੜ੍ਹ (ਲੰਕੇਸ਼ ਤ੍ਰਿਖਾ): ਗਣਤੰਤਰ ਦਿਵਸ ਮੌਕੇ ਦਿੱਲੀ ਵਿਚ ਹੋਈ ਹਿੰਸਾ ਤੋਂ ਬਾਅਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅੱਜ ਚੰਡੀਗੜ੍ਹ ਵਿਖੇ ਪਹੁੰਚੇ। ਇਸ ਮੌਕੇ ਉਹਨਾਂ ਵੱਲੋਂ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਸਰਕਾਰ ਵਾਰ-ਵਾਰ ਪ੍ਰਦਰਸ਼ਨਕਾਰੀਆਂ ਦਾ ਸਬਰ ਪਰਖ ਰਹੀ ਹੋਵੇ।

ਉਹਨਾਂ ਕਿਹਾ ਜੇ ਤੁਸੀਂ ਜੋਸ਼ ਦੇ ਨਾਲ ਹੋਸ਼ ਵੀ ਰੱਖੋਗੇ ਤਾਂ ਅਪਣੇ ਨਿਸ਼ਾਨੇ ‘ਤੇ ਅਸਾਨੀ ਨਾਲ ਪਹੁੰਚ ਸਕੋਗੇ। ਰਾਜੇਵਾਲ ਨੇ ਕਿਹਾ ਕਈ ਵਾਰ ਵਿਅਕਤੀ ਭਾਵਨਾਵਾਂ ਵਿਚ ਬਹਿ ਕੇ ਗਲਤ ਕਦਮ ਚੁੱਕ ਲੈਂਦਾ ਹੈ, ਜਿਸ ਨਾਲ ਫਾਇਦੇ ਦੀ ਥਾਂ ਨੁਕਸਾਨ ਹੁੰਦਾ ਹੈ। ਅਪਣੀ ਨਿੱਜੀ ਜ਼ਿੰਦਗੀ ਦਾ ਕਿੱਸਾ ਸਾਂਝਾ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ 1984 ਵਿਚ ਗਵਰਨਰ ਦਾ ਘਿਰਾਓ ਕਰਨ ਲਈ 7 ਦਿਨ (5 ਮਾਰਚ ਤੋਂ 12 ਮਾਰਚ ਤੱਕ) ਦਾ ਮੋਰਚਾ ਲੱਗਿਆ ਹੋਇਆ ਸੀ। ਇਸ ਦੌਰਾਨ ਗਵਰਨਰ ਨੂੰ ਬਾਹਰ ਨਹੀਂ ਆਉਣ ਦਿੱਤਾ ਗਿਆ ਤੇ ਉਹ ਸਾਰੀਆਂ ਮੰਗਾਂ ਪੂਰੀਆਂ ਕਰਵਾ ਕੇ ਉੱਠੇ।

ਉਹਨਾਂ ਦੱਸਿਆ ਇਸ ਦੌਰਾਨ ਪੁਲਿਸ ਲੋਕਾਂ ਵਿਚਕਾਰ ਅਪਣੇ ਕੁਝ ਕੁ ਬੰਦੇ ਭੇਜ ਦਿੰਦੀ ਸੀ ਪਰ ਇਸ ਦੌਰਾਨ ਅਸੀਂ ਜੋਸ਼ ਦੇ ਨਾਲ-ਨਾਲ ਹੋਸ਼ ਨਾਲ ਵੀ ਕੰਮ ਲਿਆ। ਇਹੀ ਕਾਰਨ ਹੈ ਕਿ ਅਸੀਂ ਅੰਦੋਲਨ ਵਿਚ ਜਿੱਤ ਦਰਜ ਕੀਤੀ। ਸਿੰਘੂ ਬਾਰਡਰ ‘ਤੇ ਹੋਏ ਟਕਰਾਅ ਬਾਰੇ ਗੱਲ਼ ਕਰਦਿਆਂ ਰਾਜੇਵਾਲ ਨੇ ਕਿਹਾ ਉਹਨਾਂ ਨੇ ਉੱਥੇ ਨੌਜਵਾਨਾਂ ਨੂੰ ਸਮਝਾਇਆ ਅਤੇ ਸ਼ਾਂਤਮਈ ਰਹਿਣ ਲਈ ਕਿਹਾ।

ਕਿਸਾਨ ਆਗੂ ਨੇ ਕਿਹਾ ਕਿ ਇਸ ਵੇਲੇ ਅਸੀਂ ਅੰਦੋਲਨ ਵਿਚ ਹਾਂ ਤੇ ਇਹ ਅੰਦੋਲਨ ਸਿਖਰ ‘ਤੇ ਹੈ। ਹੁਣ ਅਜਿਹੀ ਸਥਿਤੀ ਨਹੀਂ ਹੈ ਕਿ ਅੰਦੋਲਨ ਨੂੰ ਛੱਡਿਆ ਜਾਵੇ। ਅਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ  ਲੋਕ ਬਹੁਤ ਜੋਸ਼ ਨਾਲ ਮੋਰਚੇ ਵਿਚ ਆ ਰਹੇ ਹਨ ਪਰ ਜੋਸ਼ ਦੇ ਨਾਲ-ਨਾਲ ਹੋਸ਼ ਵੀ ਰੱਖਿਆ ਜਾਵੇ। ਰਾਜੇਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਅੰਦੋਲਨ ਤੁਹਾਡਾ ਹੈ ਸਰਕਾਰ ਇਸ ਨੂੰ ਤੋੜਨਾ ਚਾਹੁੰਦੀ ਹੈ। ਇਸ ਅੰਦੋਲਨ ਨੂੰ ਸ਼ਾਂਤੀ ਨਾਲ ਚਲਾਇਆ ਜਾਵੇ।