ਮੂਰਤੀਆਂ ਦਾ ਬੇਰੋਕ ਸਿਲਸਿਲਾ, ਲਖਨਊ ਦਾ ਨਾਂਅ ਬਦਲਣ ਦੇ ਰੌਲ਼ੇ ਵਿਚਕਾਰ ਲਛਮਣ ਦੀ ਮੂਰਤੀ ਸਥਾਪਿਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਲਖਨਊ ਹਵਾਈ ਅੱਡੇ ਨੇੜੇ ਸਥਾਪਿਤ ਕੀਤੀ ਗਈ 12 ਫੁੱਟ ਉੱਚੀ ਮੂਰਤੀ 

Image

 

ਲਖਨਊ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਲਖਨਊ ਹਵਾਈ ਅੱਡੇ ਨੇੜੇ ਰਾਮਾਇਣ ਵਾਲੇ ਰਾਜਾ ਰਾਮ ਦੇ, ਲਛਮਣ ਜਾਂ ਲਕਸ਼ਮਣ ਵਜੋਂ ਜਾਣੇ ਛੋਟੇ ਭਰਾ ਦੀ 12 ਫੁੱਟ ਉੱਚੀ ਮੂਰਤੀ ਦਾ ਅਤੇ ਕਈ ਹੋਰ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ।

ਰਿਪੋਰਟਾਂ ਅਨੁਸਾਰ, ਇਸ 12 ਫੁੱਟ ਉੱਚੀ ਮੂਰਤੀ ਦਾ ਵਜ਼ਨ 1200 ਕਿੱਲੋਗ੍ਰਾਮ ਹੈ ਅਤੇ ਇਸ ਨੂੰ ਪ੍ਰਸਿੱਧ ਮੂਰਤੀਕਾਰ ਰਾਮ ਸੁਤਾਰ ਨੇ ਡਿਜ਼ਾਈਨ ਕੀਤਾ ਹੈ, ਜੋ ਗੁਜਰਾਤ ਵਿੱਚ 182 ਮੀਟਰ ਉੱਚੀ ਮੂਰਤੀ ਸਟੈਚੂ ਆਫ਼ ਯੂਨਿਟੀ ਦੇ ਡਿਜ਼ਾਈਨਰ ਵੀ ਹਨ।

ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰ ਰਹੇ ਹਨ। ਵਾਜਪਾਈ ਨੇ ਲੋਕ ਸਭਾ ਵਿੱਚ ਲਖਨਊ ਦੀ ਨੁਮਾਇੰਦਗੀ ਵੀ ਕੀਤੀ।

ਉਨ੍ਹਾਂ ਕਿਹਾ, ''ਲਖਨਊ ਦੇ ਵਿਕਾਸ ਨਾਲ ਇੱਥੋਂ ਦੀ ਜ਼ਮੀਨ ਦੀ ਕੀਮਤ ਵਧੀ ਹੈ। ਲੋਕਾਂ ਦੀ ਸੋਚ ਵਿੱਚ ਤਬਦੀਲੀ ਆਈ ਹੈ। ਇਸ ਦਾ ਸਿਹਰਾ ਮੁੱਖ ਮੰਤਰੀ ਯੋਗੀ ਨੂੰ ਜਾਂਦਾ ਹੈ। ਹੁਣ ਲੋਕਾਂ ਦੀ ਸੋਚ ਵਪਾਰ ਪੱਖੀ ਹੋ ਗਈ ਹੈ।"

ਰਾਜਨਾਥ ਸਿੰਘ ਨੇ ਕਿਹਾ, "ਉੱਤਰ ਪ੍ਰਦੇਸ਼ ਦੀ ਸਖ਼ਤ ਕਾਨੂੰਨ ਵਿਵਸਥਾ ਇਸ ਦਾ ਕਾਰਨ ਹੈ। ਇਸ ਦੀ ਚਰਚਾ ਭਾਰਤ ਵਿੱਚ ਹੀ ਨਹੀਂ, ਵਿਦੇਸ਼ਾਂ ਵਿੱਚ ਵਸੇ ਭਾਰਤੀਆਂ ਵਿੱਚ ਵੀ ਹੁੰਦੀ ਹੈ। ਕਾਰੋਬਾਰ ਕਰਨ ਦੀ ਸੌਖ ਬਾਰੇ ਵੀ ਚਰਚਾ ਕੀਤੀ ਗਈ।"

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦਾਅਵਾ ਕੀਤਾ ਕਿ ਸੂਬੇ ਵਿੱਚ ਨਿਵੇਸ਼ ਦੀ ਅਥਾਹ ਸੰਭਾਵਨਾ ਹੈ, ਸ਼ੁੱਕਰਵਾਰ ਨੂੰ ਗਲੋਬਲ ਨਿਵੇਸ਼ਕ ਸੰਮੇਲਨ ਵਿੱਚ ਪੂਰੀ ਦੁਨੀਆ ਉੱਤਰ ਪ੍ਰਦੇਸ਼ ਦੀ ਇੱਕ ਨਵੀਂ ਕਹਾਣੀ ਦੇਖੇਗੀ।

ਉਨ੍ਹਾਂ ਕਿਹਾ ਕਿ ਅੱਜ ਉੱਤਰ ਪ੍ਰਦੇਸ਼ ਅਮਨ-ਕਾਨੂੰਨ ਅਤੇ ਵਿਕਾਸ ਦੇ ਮਾਮਲੇ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਇਸ ਖੇਤਰ ਨੂੰ ਹੁਣ ਇੱਕ ਸ਼ਾਨਦਾਰ ਨਿਵੇਸ਼ ਮੰਜ਼ਿਲ ਅਤੇ ਸੈਰ-ਸਪਾਟਾ ਸਥਾਨ ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਐਕਸਪ੍ਰੈਸਵੇਅ ਦਾ ਜਾਲ਼ ਵਿਛਿਆ ਹੈ। 

ਹਵਾਈ ਅੱਡੇ ਨੇੜੇ ਲਛਮਣ ਦੀ ਵਿਸ਼ਾਲ ਮੂਰਤੀ ਦੇ ਉਦਘਾਟਨ ਤੋਂ ਇਲਾਵਾ ਸ਼ਹੀਦ ਮਾਰਗ ਤੋਂ ਹਵਾਈ ਅੱਡੇ ਤੱਕ ਫਲਾਈਓਵਰ, ਜੀ-20 ਅਤੇ ਗਲੋਬਲ ਨਿਵੇਸ਼ਕ ਸੰਮੇਲਨ ਨਾਲ ਸੰਬੰਧਿਤ ਵਿਕਾਸ ਪ੍ਰਾਜੈਕਟਾਂ, ਕਾਰਗਿਲ ਵਿਜੇ ਸਮਾਰਕ ਆਦਿ ਦਾ ਵੀ ਉਦਘਾਟਨ ਕੀਤਾ ਗਿਆ।

ਇਸ ਦੌਰਾਨ ਲਖਨਊ ਦਾ ਨਾਂ ਬਦਲ ਕੇ ਲਛਮਣ ਦੇ ਨਾਂਅ 'ਤੇ ਰੱਖਣ ਦੇ ਮੁੱਦੇ 'ਤੇ ਵੀ ਚਰਚਾ ਹੋਈ। ਭਾਜਪਾ ਦੇ ਸੰਸਦ ਮੈਂਬਰ ਸੰਗਮ ਲਾਲ ਗੁਪਤਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਕੇ ਲਖਨਊ ਦਾ ਨਾਮ ਬਦਲ ਕੇ ਲਖਨਪੁਰ ਜਾਂ ਲਕਸ਼ਮਣਪੁਰ ਰੱਖਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ 18ਵੀਂ ਸਦੀ ਵਿੱਚ ਨਵਾਬ ਆਸਫੁੱਦੌਲਾ ਨੇ ਲਖਨਊ ਦਾ ਨਾਮ ਬਦਲ ਕੇ ਰੱਖਿਆ ਸੀ।

ਪ੍ਰਤਾਪਗੜ੍ਹ ਤੋਂ ਸੰਸਦ ਮੈਂਬਰ ਗੁਪਤਾ ਨੇ ਦਾਅਵਾ ਕੀਤਾ ਕਿ ਰਾਜਾ ਰਾਮ ਨੇ ਇਹ ਸ਼ਹਿਰ ਆਪਣੇ ਭਰਾ ਲਕਸ਼ਮਣ ਨੂੰ ਸੌਂਪਿਆ ਸੀ ਅਤੇ ਇਸ ਨੂੰ ਲਖਨਪੁਰ ਜਾਂ ਲਕਸ਼ਮਣਪੁਰ ਵਜੋਂ ਜਾਣਿਆ ਜਾਂਦਾ ਸੀ।

ਉੱਤਰ ਪ੍ਰਦੇਸ਼ ਦੇ ਉਪ-ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਨੇ ਵੀ ਕਿਹਾ ਕਿ ਇਹ ਸਭ ਜਾਣਦੇ ਹਨ ਕਿ ਲਖਨਊ ਨੂੰ ਪਹਿਲਾਂ ਲਕਸ਼ਮਣ ਨਗਰੀ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਅਤੇ ਸੂਬਾ ਸਰਕਾਰ ਸਥਿਤੀ ਅਨੁਸਾਰ ਅੱਗੇ ਵਧੇਗੀ।