ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਵਿਖੇ ਸਥਾਪਿਤ ਹੋਈ ਮਹਾਤਮਾ ਗਾਂਧੀ ਦੀ ਮੂਰਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਜੈਸ਼ੰਕਰ ਅਤੇ ਗੁਤਾਰੇਸ ਨੇ ਮੂਰਤੀ ਤੋਂ ਪਰਦਾ ਹਟਾਇਆ 

Representational Image

 

ਸੰਯੁਕਤ ਰਾਸ਼ਟਰ - ਮਹਾਤਮਾ ਗਾਂਧੀ ਆਖ਼ਿਰਕਾਰ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਪਹੁੰਚ ਗਏ ਹਨ। ਭਾਰਤ ਨੇ ਸੰਯੁਕਤ ਰਾਸ਼ਟਰ ਨੂੰ ਮਹਾਤਮਾ ਗਾਂਧੀ ਦੀ ਮੂਰਤੀ ਭੇਂਟ ਕੀਤੀ ਹੈ, ਜਿਸ ਨੂੰ ਇੱਥੇ ਲਗਾਇਆ ਜਾਵੇਗਾ। ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਖੇ ਮਹਾਤਮਾ ਗਾਂਧੀ ਦੀ ਇਹ ਪਹਿਲੀ ਮੂਰਤੀ ਹੋਵੇਗੀ।

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਦੇ ਉੱਤਰੀ ਲਾਅਨ 'ਚ ਆਯੋਜਿਤ ਇੱਕ ਸਾਦੇ ਸਮਾਰੋਹ 'ਚ ਮਹਾਤਮਾ ਗਾਂਧੀ ਦੀ ਮੂਰਤੀ ਤੋਂ ਪਰਦਾ ਹਟਾਇਆ। 

ਇਸ ਨਾਲ ਮਹਾਤਮਾ ਗਾਂਧੀ ਨੇ ਸੰਯੁਕਤ ਰਾਸ਼ਟਰ ਵਿੱਚ ਆਪਣੀ ਸ਼ੁਰੂਆਤ ਕੀਤੀ। ਜ਼ਿਕਰਯੋਗ ਹੈ ਕਿ ਦਸੰਬਰ ਦੇ ਮਹੀਨੇ 'ਚ ਭਾਰਤ 15 ਮੈਂਬਰੀ ਸ਼ਕਤੀਸ਼ਾਲੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਮੁਖੀ ਹੈ।

ਇਸ ਮੌਕੇ ਜਨਰਲ ਅਸੈਂਬਲੀ ਦੇ 77ਵੇਂ ਸੈਸ਼ਨ ਦੇ ਪ੍ਰਧਾਨ ਕਸਾਬਾ ਕੋਰੋਸੀ ਵੀ ਹਾਜ਼ਰ ਸਨ।

ਭਾਰਤ ਨੇ ਇਹ ਮੂਰਤੀ ਸੰਯੁਕਤ ਰਾਸ਼ਟਰ ਨੂੰ ਤੋਹਫ਼ੇ ਵਜੋਂ ਦਿੱਤੀ ਹੈ, ਜਿਸ ਨੂੰ ਉੱਘੇ ਸ਼ਿਲਪਕਾਰ ਪਦਮਸ਼੍ਰੀ ਐਵਾਰਡੀ ਰਾਮਸੂਤਰ ਨੇ ਬਣਾਇਆ ਹੈ। ਗੁਜਰਾਤ ਵਿੱਚ ਸਥਾਪਿਤ ਵੱਲਭ ਭਾਈ ਪਟੇਲ ਦੀ ‘ਸਟੈਚੂ ਆਫ਼ ਯੂਨਿਟੀ’ ਦਾ ਡਿਜ਼ਾਈਨ ਵੀ ਰਾਮਸੂਤਰ ਨੇ ਹੀ ਤਿਆਰ ਕੀਤਾ ਸੀ।