ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਨ ਦੀ ਕੋਈ ਇੱਛਾ ਨਹੀਂ : ਗਡਕਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਨ ਦੀ ਉਨ੍ਹਾਂ ਦੀ ਨਾ ਤਾਂ ਕੋਈ ਇੱਛਾ ਹੈ ਅਤੇ ਨਾ ਹੀ ਆਰਐਸਐਸ...

Nitin Gadkari

ਨਵੀਂ ਦਿੱਲੀ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਨ ਦੀ ਉਨ੍ਹਾਂ ਦੀ ਨਾ ਤਾਂ ਕੋਈ ਇੱਛਾ ਹੈ ਅਤੇ ਨਾ ਹੀ ਆਰਐਸਐਸ ਦਾ ਉਨ੍ਹਾਂ ਨੂੰ ਉਮੀਦਵਾਰ ਵਜੋਂ ਪੇਸ਼ ਕਰਨ ਦਾ ਕੋਈ ਇਰਾਦਾ ਹੈ। 

ਆਗਾਮੀ ਲੋਕ ਸਭਾ ਚੋਣਾਂ ਵਿਚ ਟੁਟਵਾਂ ਫ਼ਤਵਾ ਆਉਣ ਦੀ ਹਾਲਤ ਵਿਚ ਭਾਜਪਾ ਦੁਆਰਾ ਗਡਕਰੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕਰਨ ਸਬੰਧੀ ਕਿਆਫ਼ੇ ਲੱਗ ਰਹੇ ਹਨ। ਗਡਕਰੀ ਨੇ ਕਿਹਾ ਕਿ ਉਹ ਦੌੜ ਵਿਚ ਨਹੀਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਮੰਤਰ ਸਿਰਫ਼ ਕੰਮ ਕਰਨਾ ਹੈ।  ਗਡਕਰੀ ਨੇ ਕਿਹਾ, 'ਮੈਂ ਨਾ ਤਾਂ ਰਾਜਨੀਤੀ ਅਤੇ ਨਾ ਹੀ ਕੰਮ ਵਿਚ ਕੋਈ ਹਿਸਾਬ-ਕਿਤਾਬ ਕੀਤਾ, ਕਦੇ ਕੋਈ ਟੀਚਾ ਤੈਅ ਨਹੀਂ ਕੀਤਾ, ਜੋ ਕੰਮ ਦਿਸਿਆ, ਕਰਦਾ ਰਿਹਾ, ਮੈਂ ਅਪਣੇ ਦੇਸ਼ ਲਈ ਸੱਭ ਤੋਂ ਵਧੀਆ ਕੰਮ ਕਰਨ ਵਿਚ ਭਰੋਸਾ ਰਖਦਾ ਹਾਂ।'

ਗਡਕਰੀ ਨੇ ਸਪੱਸ਼ਟ ਕੀਤਾ, 'ਨਾ ਤਾਂ ਮੇਰੇ ਦਿਮਾਗ਼ ਵਿਚ ਅਜਿਹਾ ਕੁੱਝ ਹੈ ਅਤੇ ਨਾ ਹੀ ਸੰਘ ਦੀ ਕੋਈ ਇੱਛਾ ਹੈ। ਸਾਡੇ ਲਈ ਦੇਸ਼ ਸੱਭ ਤੋਂ ਉਪਰ ਹੈ।' ਉਨ੍ਹਾਂ ਕਿਹਾ, 'ਮੈਂ ਸੁਪਨੇ ਨਹੀਂ ਵੇਖਦਾ, ਨਾ ਤਾਂ ਮੈਂ ਕਿਸੇ ਕੋਲ ਜਾਂਦਾ ਹੈ ਅਤੇ ਨਾ ਹੀ ਲਾਬਿੰਗ ਕਰਦਾ ਹਾਂ। ਮੈਂ ਇਸ ਦੌੜ ਵਿਚ ਨਹੀਂ ਹਾਂ। ਮੈਂ ਅਪਣੇ ਦਿਲੋਂ ਤੁਹਾਨੂੰ ਇਹ ਗੱਲ ਕਹਿ ਰਿਹਾ ਹਾਂ।' ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ 'ਮੋਦੀ ਜੀ' ਪਿੱਛੇ ਮਜ਼ਬੂਤੀ ਨਾਲ ਖਲੋਤੀ ਹੈ ਅਤੇ ਉਹ ਬਹੁਤ ਜ਼ਿਆਦਾ ਚੰਗਾ ਕੰਮ ਕਰ ਰਹੇ ਹਨ।' (ਏਜੰਸੀ)